ਫ਼ੌਜ ਸਮੇਤ ਹੋਰ ਸੁਰੱਖਿਆ ਫੋਰਸਾਂ ਵਿੱਚ ਭਰਤੀ ਹੋਣ ਦੀ ਮੁਫ਼ਤ ਸਿਖਲਾਈ ਦਿੰਦਾ ਹੈ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ

  • ਹੁਣ ਤੱਕ ਜ਼ਿਲ੍ਹਾ ਗੁਰਦਾਸਪੁਰ ਦੇ ਹਜ਼ਾਰਾਂ ਨੌਜਵਾਨ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ ਤੋਂ ਸਿਖਲਾਈ ਲੈ ਕੇ ਹੋ ਚੁੱਕੇ ਹਨ ਵੱਖ-ਵੱਖ ਸੁਰੱਖਿਆ ਫ਼ੋਰਸਾਂ ਵਿੱਚ ਭਰਤੀ
  • ਤਿੰਨ ਮਹੀਨੇ ਦੇ ਸਿਖਲਾਈ ਪ੍ਰੋਗਰਾਮ ਦੌਰਾਨ ਫਿਜ਼ੀਕਲ ਅਤੇ ਲਿਖਤੀ ਟੈੱਸਟ ਦੀ ਕਰਵਾਈ ਜਾਂਦੀ ਹੈ ਤਿਆਰੀ

ਗੁਰਦਾਸਪੁਰ, 1 ਜੁਲਾਈ  2024 : ਗੁਰੂ ਨਾਨਕ ਸਾਹਿਬ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਸੀ-ਪਾਈਟ ਕੇਂਦਰ ਨੌਜਵਾਨਾਂ ਨੂੰ ਭਾਰਤੀ ਫ਼ੌਜ, ਪੰਜਾਬ ਪੁਲਿਸ, ਬੀ.ਐੱਸ.ਐੱਫ ਅਤੇ ਸੀ.ਆਰ.ਪੀ.ਐੱਫ ਸਮੇਤ ਵੱਖ-ਵੱਖ ਸੁਰੱਖਿਆ ਬਲਾਂ ਵਿੱਚ ਭਰਤੀ ਲਈ ਯੋਗ ਬਣਾਉਣ ਦਾ ਬਹੁਤ ਵਧੀਆ ਉਪਰਾਲਾ ਕਰ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸਾਲ 2005 ਵਿੱਚ ਸ਼ੁਰੂ ਕੀਤੇ ਇਸ ਸੀ-ਪਾਈਟ ਕੈਂਪ ਤੋਂ ਹੁਣ ਤੱਕ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਹਜ਼ਾਰਾਂ ਹੀ ਨੌਜਵਾਨਾਂ ਸਿਖਲਾਈ ਲੈ ਕੇ ਫ਼ੌਜ ਸਮੇਤ ਹੋਰ ਸੁਰੱਖਿਆ ਫੋਰਸਾਂ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਹੇ ਹਨ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਇੱਕ ਕੈਂਪ ਦੌਰਾਨ 100 ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਇਹ ਕੈਂਪ ਤਿੰਨ ਮਹੀਨੇ ਦਾ ਹੁੰਦਾ ਹੈ। ਇਸ ਦੌਰਾਨ ਨੌਜਵਾਨਾਂ ਦਾ ਰਹਿਣ-ਸਹਿਣ ਬਿਲਕੁਲ ਮੁਫ਼ਤ ਹੁੰਦਾ ਹੈ ਅਤੇ ਉਨ੍ਹਾਂ ਨੂੰ ਤਿੰਨ ਟਾਈਮ ਦਾ ਖਾਣਾ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਭਰਤੀ ਰੈਲੀ ਆਉਂਦੀ ਹੈ ਤਾਂ ਸੀ-ਪਾਈਟ ਡੇਰਾ ਬਾਬਾ ਨਾਨਕ ਵਿਖੇ ਵਿਸ਼ੇਸ਼ ਸਿਖਲਾਈ ਕੈਂਪ ਵੀ ਲਗਾਏ ਜਾਂਦੇ ਹਨ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਪਰਸ਼ੋਤਮ ਸਿੰਘ ਨੇ ਅੱਗੇ ਦੱਸਿਆ ਕਿ ਸਿਖਲਾਈ ਕੈਂਪ ਦੌਰਾਨ ਕੋਚ ਸਾਹਿਬਾਨ ਵੱਲੋਂ ਨੌਜਵਾਨਾਂ ਨੂੰ ਫਿਜ਼ੀਕਲ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦਾ ਫਿਜ਼ੀਕਲੀ ਹਰ ਉਹ ਈਵੈਂਟ ਕਰਵਾਇਆ ਜਾਂਦਾ ਹੈ ਜੋ ਫ਼ੌਜ ਜਾਂ ਹੋਰ ਫੋਰਸਾਂ ਦੀ ਭਰਤੀ ਦੌਰਾਨ ਫਿਜ਼ੀਕਲ ਟੈੱਸਟ ਵੇਲੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਨੌਜਵਾਨ ਪੂਰੀ ਮਿਹਨਤ ਨਾਲ ਤਿੰਨ ਮਹੀਨੇ ਦੀ ਸਿਖਲਾਈ ਸੀ-ਪਾਈਟ ਕੈਂਪ ਤੋਂ ਕਰ ਲੈਂਦਾ ਹੈ ਤਾਂ ਉਹ ਬੜੀ ਅਸਾਨੀ ਨਾਲ ਫ਼ੌਜ, ਬੀ.ਐੱਸ.ਐੱਫ਼, ਸੀ.ਆਰ.ਪੀ.ਐੱਫ਼, ਪੰਜਾਬ ਪੁਲਿਸ ਦੀ ਭਰਤੀ ਵੇਲੇ ਸਾਰੇ ਸਰੀਰਕ ਟੈੱਸਟ ਪਾਸ ਕਰ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਲਿਖਤੀ ਟੈੱਸਟ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ ਤਾਂ ਜੋ ਸਰੀਰਕ ਟੈੱਸਟ ਪਾਸ ਕਰਨ ਤੋਂ ਬਾਅਦ ਜੋ ਲਿਖਤੀ ਟੈੱਸਟ ਲਿਆ ਜਾਂਦਾ ਹੈ ਨੌਜਵਾਨ ਉਸ ਵਿਚੋਂ ਵੀ ਪਾਸ ਹੋ ਕੇ ਭਰਤੀ ਹੋ ਸਕਣ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਕਿਹਾ ਕਿ ਸੀ-ਪਾਈਟ ਡੇਰਾ ਬਾਬਾ ਨਾਨਕ ਵਿਖੇ ਸਮੇਂ-ਸਮੇਂ ਇਹ ਸਿਖਲਾਈ ਕੈਂਪ ਚੱਲਦੇ ਰਹਿੰਦੇ ਹਨ ਅਤੇ ਜਿਹੜੇ ਨੌਜਵਾਨ ਫ਼ੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦੇ ਹਨ ਉਨ੍ਹਾਂ ਲਈ ਰੱਖਿਆ ਸੇਵਾਵਾਂ ਵਿੱਚ ਜਾਣ ਲਈ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ ਵਰਦਾਨ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਇਸ ਕੇਂਦਰ ਵਿੱਚ ਸਿਖਲਾਈ ਲੈਣੀ ਚਾਹੁੰਦੇ ਹਨ ਉਹ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ ਜਾਂ ਜ਼ਿਲ੍ਹਾ ਰੁਜ਼ਗਾਰ ਦਫ਼ਤਰ, ਗੁਰਦਾਸਪੁਰ ਵਿਖੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ ਦੇ ਸੰਪਰਕ ਨੰਬਰਾਂ 62830-31125, 94674-56808, 94174-20125 ਉੱਪਰ ਰਾਬਤਾ ਕੀਤਾ ਜਾ ਸਕਦਾ ਹੈ।