ਬਟਾਲਾ, 29 ਦਸੰਬਰ : ਬਟਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਪੁਲਿਸ 'ਤੇ ਗੋਲੀਆਂ ਚਲਾਈਆਂ। ਇਸ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਡੀਐਸਪੀ ਸਰਵਨਜੀਤ ਸਿੰਘ ਨੇ ਦੱਸਿਆ ਕਿ 28 ਦਸੰਬਰ ਨੂੰ ਥਾਣਾ ਕਿਲ੍ਹਾ ਲਾਲ ਸਿੰਘ ਦੀ ਪੁਲੀਸ ਪਿੰਡ ਭਾਗੋਵਾਲ ਦੇ ਸ਼ਮਸ਼ਾਨਘਾਟ ਕਲਾਨੌਰ ਰੋਡ ਨੇੜੇ ਮੌਜੂਦ ਸੀ, ਜਿੱਥੇ ਪੁਲੀਸ ਨੇ ਇੱਕ ਮੋਟਰਸਾਈਕਲ ਆਉਂਦਾ ਦੇਖਿਆ। ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਮੋਟਰਸਾਈਕਲ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਪਰ ਮੋੜਨ ਦੌਰਾਨ ਅਚਾਨਕ ਮੋਟਰਸਾਈਕਲ ਫਿਸਲ ਗਿਆ ਅਤੇ ਪੁਲੀਸ ਨੇ ਬਾਈਕ ਸਵਾਰ ਨੌਜਵਾਨ ਨੂੰ ਕਾਬੂ ਕਰ ਲਿਆ। ਜਿਸ ਦੀ ਪਛਾਣ ਸੁਰਜੀਤ ਸਿੰਘ ਉਰਫ ਸੀਤਾ ਵਾਸੀ ਪਿੰਡ ਦਾਲਮ ਵਜੋਂ ਹੋਈ ਹੈ। ਪਰ ਉਸਦਾ ਦੂਸਰਾ ਸਾਥੀ ਬਾਈਕ ਚਾਲਕ ਪੁਲਿਸ 'ਤੇ ਫਾਇਰਿੰਗ ਕਰਦੇ ਹੋਏ ਭੱਜ ਗਿਆ। ਦੂਜੇ ਪਾਸੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਪਰ ਉਹ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ। ਫਰਾਰ ਮੁਲਜ਼ਮ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਨੰਗਲ ਵਜੋਂ ਹੋਈ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਸੁਰਜੀਤ ਸਿੰਘ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਕਰੀਬ 3 ਕਿਲੋ ਹੈਰੋਇਨ ਬਰਾਮਦ ਹੋਈ ਅਤੇ ਦੋਵਾਂ ਦੋਸ਼ੀਆਂ ਖਿਲਾਫ ਥਾਣਾ ਕਿਲਾ ਲਾਲ ਸਿੰਘ ਵਿਖੇ ਐਨ.ਡੀ.ਪੀ.ਐਸ ਐਕਟ 307, 353, 186 ਆਈ.ਪੀ.ਸੀ ਅਤੇ 25 ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਅਧਿਕਾਰੀ ਦਾ ਦਾਅਵਾ ਹੈ ਕਿ ਫਰਾਰ ਹੋਏ ਦੋਸ਼ੀ ਨੌਜਵਾਨ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।