ਬਾਬਾ ਬਲਬੀਰ ਸਿੰਘ ਨੇ ਦਿਲਜੀਤ ਸਿੰਘ ਬੇਦੀ ਦੀ ਕਿਤਾਬ 'ਬਾਬਾ ਬਿਨੋਦ ਸਿੰਘ' ਸੰਗਤ ਅਰਪਣ ਕੀਤੀ

ਅੰਮ੍ਰਿਤਸਰ : ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਬਿਨੋਦ ਸਿੰਘ ਦਾ ਜੀਵਨ ਸੰਘਰਸ਼ ਸਬੰਧੀ ਇਤਿਹਾਸਕ ਪਰਿਪੇਖ ਪੇਸ਼ ਕਰਦੀ ਇਕ ਪੁਸਤਕ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਗੁਰਦੁਆਰਾ ਮੱਲ ਅਖਾੜਾ ਪਾ: ਛੇਵੀਂ ਵਿਖੇ ਸੰਗਤ ਅਰਪਣ ਕੀਤੀ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਇਸ ਪੁਸਤਕ ਦੇ ਲੇਖਕ ਸੰਪਾਦਕ ਹਨ। ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਪੁਸਤਕ ਬਾਰੇ ਵਿਚਾਰ ਪ੍ਰਗਟ ਕਰਦਿਆ ਕਿਹਾ ਕਿ ਬਾਬਾ ਬਿਨੋਦ ਸਿੰਘ ਜੋ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਹੋਏ ਹਨ ਅਤੇ ਅਕਾਲ ਤਖਤ ਸਾਹਿਬ ਦੇ ਵੀ ਉਹ ਪਹਿਲੇ ਜਥੇਦਾਰ ਸਨ। ਉਨ੍ਹਾਂ ਦੇ ਜੀਵਨ ਨੂੰ ਕੌਮੀ ਵਿਦਵਾਨਾਂ ਨੇ ਕਲਮਬੰਦ ਕੀਤਾ ਹੈ ਜਿਸ ਨੂੰ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸੰਪਾਦਿਤ ਕਰਕੇ ਨਿਹੰਗ ਸਿੰਘਾਂ ਅਤੇ ਆਮ ਪਾਠਕਾਂ ਦੀ ਜਾਣਕਾਰੀ ਹਿੱਤ ਬੁੱਢਾ ਦਲ ਵਲੋਂ ਪ੍ਰਕਾਸ਼ਤ ਕੀਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬਹੁਤ ਪਰਉਪਕਾਰੀ ਕਾਰਜ ਹੋਇਆ ਬੁੱਢਾ ਦਲ ਦੀਆਂ ਮਹਾਨ ਸਖਸ਼ੀਅਤਾਂ ਜਿਨ੍ਹਾਂ ਨੇ ਕੌਮ ਤੇ ਬਣੀਆਂ ਭੀੜਾਂ ਸਮੇਂ ਸੁਯੋਗ ਅਗਵਾਈ ਕਰਕੇ ਦੁਸ਼ਮਣਾਂ ਦੇ ਮੂੰਹ ਮੋੜੇ, ਇਸੇ ਰੂਪ ਵਿੱਚ ਬਾਬਾ ਬਿਨੋਦ ਸਿੰਘ ਦਾ ਜੀਵਨ ਆਮ ਲੋਕਾਂ ਨੂੰ ਪੜਨ ਦਾ ਸੁਭਾਗ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਸ. ਦਿਲਜੀਤ ਸਿੰਘ ਬੇਦੀ ਨੇ ਸ਼੍ਰੋਮਣੀ ਕਮੇਟੀ ਵਿੱਚ ਆਪਣੇ ਕਾਰਜ ਕਾਲ ਦੌਰਾਨ ਦਫਤਰੀ ਕਾਰਜ ਦੇ ਨਾਲ ਨਾਲ ਚੰਗੀਆਂ ਪੁਸਤਕਾਂ ਲਿਖੀਆਂ ਤੇ ਪ੍ਰਕਾਸ਼ਤ ਲਿਖੀਆਂ ਤੇ ਕੀਤੀਆਂ ਹਨ, ਹੁਣ ਬੁੱਢਾ ਦਲ ਵਿੱਚ ਰਹਿ ਕੇ ਵੀ ਉਹ ਚੰਗੀ ਸੇਵਾ ਨਿਭਾ ਰਹੇ ਹਨ। ਇਸ ਮੌਕੇ ਗਿ.ਗੁਰਬਚਨ ਸਿੰਘ, ਸ.ਹਰਪਾਲ ਸਿੰਘ ਆਹਲੂਵਾਲੀਆ, ਸ. ਦਿਲਜੀਤ ਸਿੰਘ ਬੇਦੀ, ਤੋਂ ਇਲਾਵਾ ਸ. ਜਗਦੀਸ਼ ਸਿੰਘ ਵਾਲੀਆ, ਗਿ: ਭਗਵਾਨ ਸਿੰਘ ਜੌਹਲ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਮੱਘਰ ਸਿੰਘ, ਬਾਬਾ ਜੱਸਾ ਸਿੰਘ, ਸ.ਹਰਪ੍ਰੀਤ ਸਿੰਘ ਬੇਦੀ, ਬਾਬਾ ਇੰਦਰਬੀਰ ਸਿੰਘ ਸਤਲਾਣੀ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਮਾਨ ਸਿੰਘ ਆਦਿ ਹਾਜ਼ਰ ਸਨ।