ਅਕਾਲੀ ਦਲ ਦੀ ਭਾਜਪਾ ਨਾਲ ਅੰਦਰਖਾਤੇ ਹੋਇਆ ਸਮਝੌਤਾ, ਆਪ ਪਾਰਟੀ ਸਰਕਾਰ ਹਰ ਫਰੰਟ 'ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ : ਰਾਜਾ ਵੜਿੰਗ 

ਗੁਰਦਾਸਪੁਰ, 2 ਮਾਰਚ : ਜਿਲਾ ਯੂਥ ਕਾਂਗਰਸ ਵੱਲੋਂ ਗਿਲਾ ਪ੍ਰਧਾਨ ਬਲਜੀਤ ਸਿੰਘ ਪਾਹੜਾ ਦੀ ਅਗਵਾਈ ਵਿੱਚ ਪਿੰਡ ਪਾਹੜਾ ਵਿਖੇ ਪੰਜਾਬ ਸਰਕਾਰ ਖਿਲਾਫ ਵਿਸ਼ਾਲ ਰੋਸ ਰੈਲੀ ਕੀਤੀ ਗਈ, ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਦੀ ਭਾਜਪਾ ਨਾਲ ਅੰਦਰਖਾਤੇ ਸਮਝੌਤਾ ਹੋ ਗਿਆ ਹੈ, ਜਿਸ ਕਾਰਨ ਕਿਸਾਨਾਂ ਦੇ ਸੰਘਰਸ਼ 'ਚ ਕਿਸਾਨਾਂ ਦਾ ਸਾਥ ਦੇਣ ਦੀ ਬਜਾਏ ਸੁਖਬੀਰ ਬਾਦਲ ਤੇ ਹਰਸਿਮਰਤ ਚੁੱਪ ਬੈਠੇ ਹਨ ਅਤੇ ਮੋਦੀ ਸਰਕਾਰ ਖਿਲਾਫ ਵੀ ਨਹੀਂ ਬੋਲ ਰਹੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਂਗਰਸ ਇਕੱਲਿਆਂ ਹੀ ਚੋਣ ਲੜੇਗੀ ਅਤੇ ਜਿੱਤ ਪ੍ਰਾਪਤ ਕਰੇਗੀ।ਜਦੋਂ ਉਨ੍ਹਾਂ ਨੂੰ ਕਾਂਗਰਸ ਦੇ ਦੋ ਵੱਡੇ ਆਗੂਆਂ ਰਵਨੀਤ ਬਿੱਟੂ ਅਤੇ ਭਾਰਤ ਭੂਸ਼ਣ ਆਸ਼ੂ ਵਿਚਾਲੇ ਹੋਏ ਵਿਵਾਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚਾਲੇ ਕੋਈ ਤਕਰਾਰ ਨਹੀਂ ਹੋਈ। ਇਹ ਮੀਡੀਆ ਦੀ ਉਡਾਈ ਅਫਵਾਹ ਸੀ, ਇਸ ਮੌਕੇ ਕਾਂਗਰਸ ਦੇ ਤੇਜ਼ਤਰਾਰ ਨੌਜਵਾਨ ਆਗੂ ਅਤੇ ਹਲਕਾ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਐਨੀ ਬਰਸਾਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਸ ਰੈਲੀ ਵਿੱਚ ਪੁੱਜੇ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਲੋਕ ਪੰਜਾਬ ਦੀ 'ਆਪ' ਸਰਕਾਰ ਤੋਂ ਨਾਖੁਸ਼ ਹਨ।ਉਨ੍ਹਾਂ ਕਿਹਾ ਕਿ ਅੱਜ ਰੈਲੀ ਕਰਕੇ ਅਸੀਂ ਗੁਰਦਾਸਪੁਰ 'ਚ ਲੋਕ ਸਭਾ ਚੋਣਾਂ ਦਾ ਅਲਾਰਮ ਵਜਾ ਦਿੱਤਾ ਹੈ, ਗੁਰਦਾਸਪੁਰ ਲੋਕ ਸਭਾ ਸੀਟ 'ਤੇ ਕਾਂਗਰਸ ਪਾਰਟੀ ਹੀ ਜਿੱਤ ਹਾਸਲ ਕਰੇਗੀ।