ਜਲਾਲਾਬਾਦ ਤੋਂ ਤਰਨਤਾਰਨ ਡਿਊਟੀ ਜਾ ਰਹੇ ਅਧਿਆਪਕਾਂ ਨਾਲ ਵਾਪਰਿਆ ਹਾਦਸਾ, ਕਈ ਗੰਭੀਰ ਜ਼ਖਮੀ

ਤਰਨਤਾਰਨ, 03 ਅਪ੍ਰੈਲ : ਅੱਜ ਸਵੇਰੇ ਕਰੀਬ 6 ਵਜੇ ਜਲਾਲਾਬਾਦ ਤੋਂ ਤਰਨਤਾਰਨ ਦੇ ਵਲਟੋਹਾ ਡਿਊਟੀ 'ਤੇ ਜਾ ਰਹੇ ਅਧਿਆਪਕਾਂ ਨਾਲ ਫਿਰੋਜ਼ਪੁਰ ਹਾਈਵੇ 'ਤੇ ਪੈਂਦੇ ਪਿੰਡ ਪੀਰ ਮੁਹੰਮਦ ਕੋਲ ਸੜਕ ਹਾਦਸਾ ਵਾਪਰ ਗਿਆ। ਇਸ ਸੜਕ ਹਾਦਸੇ ਵਿਚ ਅੱਧੀ ਦਰਜਨ ਦੇ ਕਰੀਬ ਅਧਿਆਪਕ ਜ਼ਖਮੀ ਹੋ ਗਏ, ਜਦੋਂਕਿ ਦੋ ਅਧਿਆਪਕਾਂ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਹੋਇਆ, ਉਨ੍ਹਾਂ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ, 11 ਅਧਿਆਪਕ ਇੱਕ ਗੱਡੀ ਵਿਚ ਸਵਾਰ ਹੋ ਕੇ ਵਲਟੋਹਾ ਡਿਊਟੀ ਤੇ ਜਾ ਰਹੇ ਸਨ, ਜਦੋਂ ਉਹ ਪਿੰਡ ਪੀਰ ਮੁਹੰਮਦ ਲਾਗੇ ਪਹੁੰਚੇ ਤਾਂ, ਸੜਕ ਤੇ ਪਹਿਲੋਂ ਡਿੱਗੇ ਦਰਖੱਤ ਦੇ ਨਾਲ ਗੱਡੀ ਟਕਰਾ ਗਈ, ਜਿਸ ਕਾਰਨ ਗੱਡੀ ਵਿਚ ਸਵਾਰ ਅਧਿਆਪਕਾਂ ਨੂੰ ਸੱਟਾਂ ਲੱਗ ਗਈਆਂ। ਮੌਕੇ ਤੇ ਮੌਜੂਦ ਲੋਕਾਂ ਦੀ ਮੰਨੀਏ ਤਾਂ, ਇਸ ਸੜਕ ਹਾਦਸੇ ਵਿਚ ਦੋ ਅਧਿਆਪਕ ਗੰਭੀਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਫਰੀਦਕੋਟ ਡਾਕਟਰਾਂ ਨੇ ਰੈਫ਼ਰ ਕਰ ਦਿੱਤਾ ਹੈ, ਜਦੋਂਕਿ ਤਿੰਨ-ਚਾਰ ਅਧਿਆਪਕਾਂ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਇਲਾਜ਼ ਲਈ ਲਿਆਂਦਾ ਗਿਆ ਹੈ।