ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਨ ਦੇ ਮਕਸਦ ਤਹਿਤ ਅਬਾਦ ਖੇਡ ਟੂਰਨਾਮੈਂਟ ਦੀ ਹੋਈ ਸ਼ੁਰੂਆਤ

  • 21 ਤੋਂ 30 ਦਸੰਬਰ ਤੱਕ ਜ਼ਿਲੇ ਦੀਆਂ ਵੱਖ-ਵੱਖ ਥਾਵਾਂ ’ਤੇ ਹੋਣਗੇ ਅਬਾਦ ਖੇਡ ਟੂਰਨਾਮੈਂਟ ਦੇ ਮੁਕਾਬਲੇ
  • ਗੁਰਦਾਸਪੁਰ ਵਿਖੇ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਨੇ ਹਾਕੀ ਮੁਕਾਬਲਿਆਂ ਦਾ ਕੀਤਾ ਉਦਘਾਟਨ

ਗੁਰਦਾਸਪੁਰ, 21 ਦਸੰਬਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਨ ਦੇ ਮਕਸਦ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲਾ ਉਲੰਪਿਕ ਐਸੋਸੀਏਸ਼ਨ ਅਤੇ ਅਖਿਲ ਭਾਰਤੀਯ ਅਗਰਵਾਲ ਸੰਮੇਲਨ, ਪੰਜਾਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ‘ਅਬਾਦ ਖੇਡ ਟੂਰਨਾਮੈਂਟ-2023-24 (ਸੀਜ਼ਨ-1) ਦੀ ਅੱਜ ਸ਼ੁਰੂਆਤ ਹੋ ਗਈ ਹੈ। ਇਸ ਅਬਾਦ ਖੇਡ ਟੂਰਨਾਮੈਂਟ ਵਿੱਚ ਫੁੱਟਬਾਲ (ਲੜਕੇ), ਹਾਕੀ (ਲੜਕੇ), ਕਿ੍ਰਕੇਟ (ਲੜਕੇ), ਜਿਮਨਾਸਟਿਕ (ਲੜਕੇ ਤੇ ਲੜਕੀਆਂ), ਬੈਡਮਿੰਟਨ (ਲੜਕੇ-ਲੜਕੀਆਂ) ਦੇ ਮੁਕਾਬਲੇ ਕਰਵਾਏ ਜਾਣਗੇ। ਅੱਜ ਸਰਕਾਰੀ ਕਾਲਜ ਗੁਰਦਾਸਪੁਰ ਦੇ ਹਾਕੀ ਮੈਦਾਨ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਨੇ ਅਬਾਦ ਖੇਡ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਹਾਕੀ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਉਨ੍ਹਾਂ ਨੂੰ ਖੇਡ ਭਾਵਨਾਂ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਮੈਚ ਖੇਡਣ ਲਈ ਕਿਹਾ।  ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਖੇਡ ਅਫ਼ਸਰ ਸ. ਸਿਮਰਨਜੀਤ ਸਿੰਘ ਅਤੇ ਖੇਡ ਵਿਭਾਗ ਦੇ ਕੋਚ ਸਾਹਿਬਾਨ ਮੌਜੂਦ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਯੋਗ ਅਗਵਾਈ ਹੇਠ ਕਰਵਾਇਆ ਜਾ ਰਿਹਾ ਅਬਾਦ ਖੇਡ ਟੂਰਨਾਮੈਂਟ 21 ਦਸੰਬਰ ਤੋਂ 30 ਦਸੰਬਰ 2023 ਤੱਕ ਚੱਲੇਗਾ। ਉਨਾਂ ਦੱਸਿਆ ਕਿ 21, 22 ਅਤੇ 23 ਦਸੰਬਰ ਨੂੰ ਕਾਲਾ ਅਫ਼ਗਾਨਾ ਵਿਖੇ ਲੜਕਿਆਂ ਦੇ ਫੁੱਟਬਾਲ ਦੇ ਓਪਨ ਮੁਕਾਬਲੇ ਹੋਣਗੇ। ਉਨਾਂ ਦੱਸਿਆ ਕਿ 21 ਅਤੇ 22 ਦਸੰਬਰ ਨੂੰ ਸਰਕਾਰੀ ਕਾਲਜ ਗੁਰਦਾਸਪੁਰ ਦੇ ਹਾਕੀ ਸਟੇਡੀਅਮ ਵਿਖੇ ਹਾਕੀ ਦੇ ਓਪਨ ਮੁਕਾਬਲੇ ਹੋਣਗੇ। ਇਸੇ ਤਰਾਂ ਮਿਤੀ 23, 24, 25, 26 ਅਤੇ 27 ਦਸੰਬਰ ਨੂੰ ਸਰਕਾਰੀ ਕਾਲਜ ਗੁਰਦਾਸਪੁਰ ਦੇ ਕਿ੍ਰਕੇਟ ਸਟੇਡੀਅਮ ਵਿਖੇ 19 ਤੋਂ 23 ਸਾਲ ਉਮਰ ਵਰਗ ਦੇ ਖਿਡਾਰੀਆਂ ਦੇ ਕਿ੍ਰਕੇਟ ਮੁਕਾਬਲੇ ਹੋਣਗੇ। ਸ੍ਰੀ ਸੁਭਾਸ਼ ਚੰਦਰ ਨੇ ਅੱਗੇ ਦੱਸਿਆ ਕਿ 26 ਦਸੰਬਰ ਨੂੰ ਜਿਮਨੇਜੀਅਮ ਹਾਲ ਗੁਰਦਾਸਪੁਰ ਵਿਖੇ ਲੜਕੇ ਅਤੇ ਲੜਕੀਆਂ ਦੇ ਸੀਨੀਅਰ ਵਰਗ ਵਿੱਚ ਵਿਅਕਤੀਗਤ ਮੁਕਾਬਲੇ ਹੋਣਗੇ। ਮਿਤੀ 26 ਅਤੇ 27 ਦਸੰਬਰ ਨੂੰ ਬੈਡਮਿੰਟਨ ਹਾਲ ਗੁਰਦਾਸਪੁਰ ਵਿਖੇ 17 ਸਾਲ ਤੋਂ ਉੱਪਰ ਉਮਰ ਵਰਗ ਦੇ ਵਿਅਕਤੀਗਤ ਮੁਕਾਬਲੇ ਹੋਣਗੇ। ਉਨਾਂ ਦੱਸਿਆ ਕਿ 30 ਦਸੰਬਰ ਨੂੰ ਕਿ੍ਰਕੇਟ ਅਤੇ ਬੈਡਮਿੰਟਨ ਦੇ ਫਾਈਨਲ ਮੁਕਾਬਲੇ ਗੁਰਦਾਸਪੁਰ ਵਿਖੇ ਹੋਣਗੇ ਜਦਕਿ 30 ਦਸੰਬਰ ਨੂੰ ਹਾਕੀ ਦਾ ਫਾਈਨਲ ਡੇਅ-ਨਾਈਟ ਮੈਚ ਐਸਟਰੋਟਰਫ ਹਾਕੀ ਸਟੇਡੀਅਮ ਪਿੰਡ ਮਰੜ ਵਿਖੇ ਹੋਵੇਗਾ। ਉਨਾਂ ਕਿਹਾ ਕਿ ਜੇਤੂ ਖਿਡਾਰੀਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।