ਅੰਮ੍ਰਿਤਸਰ ਜਿਲ੍ਹੇ ਵਿਚ ਬਣਨਗੇ 10 ਆਯੂਰਵੈਦਿਕ ਹੈਲਥ ਅਤੇ ਵੈਲਨੈਸ ਕੇਂਦਰ-ਡਿਪਟੀ ਕਮਿਸ਼ਨਰ

  • ਅਧਿਕਾਰੀਆਂ ਨੂੰ ਬਿਨਾਂ ਦੇਰੀ ਕੀਤੇ ਕੰਮ ਪੂਰਾ ਕਰਨ ਦੇ ਦਿੱਤੇ ਨਿਰਦੇਸ਼

ਅੰਮ੍ਰਿਤਸਰ, 19 ਦਸੰਬਰ : ਜਿਲ੍ਹੇ ਵਿਚ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਆਯੂਰਵੈਦਿਕ ਇਲਾਜ ਪ੍ਰਣਾਲੀ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ ਅਤੇ ਇਸ ਲਈ 10 ਆਯੂਰਵੈਦਿਕ ਹੈਲਥ ਅਤੇ ਵੈਲਨੈਸ ਕੇਂਦਰ ਬਣਾਏ ਜਾਣਗੇ। ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਨੇ ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਚਰਚੇ ਕਰਦੇ ਦੱਸਿਆ ਕਿ ਇੰਨਾ ਵੈਲਨੈਸ ਕੇਂਦਰਾਂ ਵਿਚ ਆਯੂਰਵੈਦਿਕ ਦਵਾਈਆਂ ਦੇ ਨਾਲ-ਨਾਲ ਇਸ ਪ੍ਰਣਾਲੀ ਤਹਿਤ ਇਲਾਜ ਲਈ ਅਪਨਾਈਆਂ ਜਾਣ ਵਾਲੀਆਂ ਹੋਰ ਵਿਧੀਆਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਮੁੱਢਲੇ ਗੇੜ ਵਿਚ ਜੋ 10 ਆਯੂਰਵੈਦਿਕ ਹੈਲਥ ਅਤੇ ਵੈਲਨੈਸ ਕੇਂਦਰ ਬਣਾਏ ਜਾਣੇ ਹਨ, ਉਨਾਂ ਵਿਚ ਸਿਵਲ ਹਸਪਤਾਲ ਅੰਮ੍ਰਿਤਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਛੇਹਰਟਾ, ਵੇਰਕਾ, ਉਘਰ ਔਲਖ, ਮਾਛੀਨੰਗਲ, ਟਾਹਲੀ ਸਾਹਿਬ, ਸਾਂਘਣਾ, ਫੇਰੂਮਾਨ ਅਤੇ ਛਾਪਾ ਰਾਮ ਸਿੰਘ ਸ਼ਾਮਿਲ ਹਨ। ਉਨਾਂ ਦੱਸਿਆ ਕਿ ਇਸ ਵਿਚ ਸਿਹਤ ਵਿਭਾਗ ਦੇ ਨਾਲ-ਨਾਲ ਪੰਚਾਇਤ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਵੀ ਯੋਗਦਾਨ ਪਾ ਰਿਹਾ ਹੈ। ਸ੍ਰੀ ਥੋਰੀ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਸਿਹਤ ਅਤੇ ਸਿੱਖਿਆ ਉਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਇਸ ਲਈ ਇੰਨਾ ਕੇਂਦਰਾਂ ਦੇ ਕੰਮ ਸਮੇਂ ਸਿਰ ਪੂਰਾ ਕੀਤੇ ਜਾਣ, ਤਾਂ ਜੋ ਇਹ ਕੇਂਦਰ ਲੋਕਾਂ ਨੂੰ ਸਮਰਪਿਤ ਕੀਤੇ ਜਾ ਸਕਣ। ਉਨਾਂ ਦੱਸਿਆ ਕਿ ਇਸ ਵਿਚ ਉਸਾਰੀ ਦਾ ਕੰਮ ਕਰਨ ਦੇ ਨਾਲ-ਨਾਲ ਜੋ ਵੀ ਖਰੀਦ ਕੀਤੀ ਜਾਣੀ ਹੈ, ਉਸ ਲਈ ਵਿਭਾਗ ਆਪਣੀ ਪ੍ਰਕ੍ਰਿਆ ਸ਼ੁਰੂ ਕਰੇ। ਇਸ ਮੀਟਿੰਗ ਵਿਚ ਜਿਲ੍ਹਾ ਆਯੂਸ ਅਧਿਕਾਰੀ ਡਾ. ਦਿਨੇਸ਼, ਡੀ ਡੀ ਪੀ ਓ ਸ੍ਰੀ ਸੰਦੀਪ ਮਲਹੋਤਰਾ, ਐਕਸੀਅਨ ਇੰਦਰਜੀਤ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।