ਵਾਸ਼ਿੰਗਟਨ, 25 ਮਈ : ਵਾਸ਼ਿੰਗਟਨ ਡੀ.ਸੀ. ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਵ੍ਹਾਈਟ ਹਾਊਸ ਨੇੜੇ ਸੁਰੱਖਿਆ ਰੁਕਾਵਟਾਂ ਤੋੜਨ ਤੋਂ ਬਾਦ ਕਿਰਾਏ ਦੇ ਟਰੱਕ ਨੂੰ ਭਜਾਉਦਿਆਂ ਗ੍ਰਿਫਤਾਰ ਕੀਤਾ ਗਿਆ ਹੈ।ਐਨਬੀਸੀ ਨਿਊਜ਼ ਨੇ ਇਹ ਰਿਪੋਰਟ ਦਿੱਤੀ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਉਸਨੇ ਕਥਿਤ ਤੌਰ 'ਤੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਾਜ਼ੀਆਂ ਨੂੰ ਪਸੰਦ ਕਰਦਾ ਹੈ,"ਸੱਤਾ ਹਥਿਆਉਣਾ" ਅਤੇ "ਰਾਸ਼ਟਰਪਤੀ ਜੋ ਬਾਇਡਨ ਨੂੰ ਮਾਰਨਾ" ਚਾਹੁੰਦਾ ਹੈ।। ਐਨਬੀਸੀ ਨਿਊਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫੈਡਰਲ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਤੱਥਾਂ ਦੇ ਬਿਆਨ ਅਨੁਸਾਰ, 19 ਸਾਲਾ ਸਾਈ ਵਰਸ਼ਿਤ ਕੰਦੂਲਾ ਨੇ ਬੀਤੇ ਦਿਨੀਂ ਮਿਸੂਰੀ ਦੇ ਸੇਂਟ ਲੁਈਸ ਤੋਂ ਯੂਐਸ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਦੇ ਡੁਲਸ ਇੰਟਰਨੈਸ਼ਨਲ ਏਅਰਪੋਰਟ ਤੱਕ ਉਡਾਣ ਭਰਨ ਤੋਂ ਬਾਅਦ ਇੱਕ ਯੂ-ਹਾਲ ਟਰੱਕ ਕਿਰਾਏ 'ਤੇ ਲਿਆ। ਐਨਬੀਸੀ ਨਿਊਜ਼ ਨੇ ਰਿਪੋਰਟ ਦਿੱਤੀ ਹੈ ਕਿ ਉਸ ਉੱਤੇ 'ਰਾਸ਼ਟਰਪਤੀ, ਉਪ ਰਾਸ਼ਟਰਪਤੀ ਜਾਂ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮਾਰਨ ਦੀ ਧਮਕੀ ਦੇਣ,ਇੱਕ ਖਤਰਨਾਕ ਹਥਿਆਰ ਨਾਲ ਹਮਲਾ, ਇੱਕ ਮੋਟਰ ਵਾਹਨ ਨੂੰ ਲਾਪਰਵਾਹੀ ਨਾਲ ਚਲਾਉਣ ਦੇ ਇਲਜ਼ਾਮ ਹਨ।ਰਿਪੋਰਟ ਦੇ ਅਨੁਸਾਰ, ਕੰਦੂਲਾ ਨੇ ਕਥਿਤ ਤੌਰ 'ਤੇ ਅਧਿਕਾਰੀਆਂ ਨੂੰ ਇਹ ਵੀ ਦੱਸਿਆ ਕਿ ਉਹ ਛੇ ਮਹੀਨਿਆਂ ਤੋਂ ਹਮਲੇ ਦੀ ਯੋਜਨਾ ਬਣਾ ਰਿਹਾ ਸੀ ਅਤੇ ਯੋਜਨਾਵਾਂ ਦਾ ਵੇਰਵਾ "ਗ੍ਰੀਨ ਬੁੱਕ" ਵਿੱਚ ਦਰਜ ਕਰ ਰਿਹਾ ਸੀ, ਅਤੇ ਕਿਹਾ ਕਿ ਕੰਦੂਲਾ ਨੇ ਹਿਟਲਰ ਨੂੰ ਇੱਕ "ਮਜ਼ਬੂਤ ਨੇਤਾ" ਕਿਹਾ।ਮਿਲੀ ਜਾਣਕਾਰੀ ਅਨੁਸਾਰ ਟਰੱਕ ਵਿੱਚ ਜਾਂ ਕੰਡੂਲਾ ਕੋਲ ਕੋਈ ਵਿਸਫੋਟਕ ਜਾਂ ਹਥਿਆਰ ਨਹੀਂ ਮਿਲੇ।ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਉਸ ਨੇ ਹਰਨਡਨ, ਵਰਜੀਨੀਆ ਵਿੱਚ ਯੂ-ਹਾਲ ਟਰੱਕ ਕਿਰਾਏ 'ਤੇ ਲਿਆ ਸੀ।ਇਸ ਬਾਰੇ ਕੰਪਨੀ ਨੇ ਕਿਹਾ ਕਿ ਉਸਦੇ ਆਪਣੇ ਨਾਮ 'ਤੇ ਇੱਕ ਵੈਧ ਇਕਰਾਰਨਾਮਾ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲੋਕ 18 ਸਾਲ ਦੀ ਉਮਰ ਵਿਚ ਯੂ-ਹਾਲ ਟਰੱਕ ਕਿਰਾਏ 'ਤੇ ਲੈ ਸਕਦੇ ਹਨ, ਅਤੇ ਉਸ ਦੇ ਕਿਰਾਏ ਦੇ ਰਿਕਾਰਡ 'ਤੇ ਕੋਈ ਲਾਲ ਨਿਸ਼ਾਨ ਨਹੀਂ ਸਨ ਜੋ ਇਕਰਾਰਨਾਮੇ ਨੂੰ ਜਾਰੀ ਹੋਣ ਤੋਂ ਰੋਕ ਸਕਦੇ ਸਨ।ਜਾਣਕਾਰੀ ਅਨੁਸਾਰ ਐਫਬੀਆਈ ਏਜੰਟ ਚੈਸਟਰਫੀਲਡ ਦੇ ਸੇਂਟ ਲੂਇਸ ਉਪਨਗਰ ਵਿੱਚ ਕੰਦੂਲਾ ਦੇ ਘਰ ਵਿੱਚ ਦਾਖਲ ਹੁੰਦੇ ਅਤੇ ਨਿਕਲਦੇ ਦੇਖੇ ਗਏ।ਕੈਪਟਨ ਡੈਨੀਅਲ ਡਨ ਨੇ ਐਨਬੀਸੀ ਨਿਊਜ਼ ਨੂੰ ਦੱਸਿਆ ਕਿ ਚੈਸਟਰਫੀਲਡ ਵਿੱਚ ਪੁਲਿਸ ਕੋਲ ਕੰਦੂਲਾ ਨਾਲ ਕਿਸੇ ਵੀ ਗੱਲਬਾਤ ਦਾ ਕੋਈ ਰਿਕਾਰਡ ਨਹੀਂ ਹੈ ਅੱਗੇ ਜਾਂਚ ਜਾਰੀ ਹੈ।