ਕਨੇਡਾ ਤੋਂ ਆਪਣੇ ਸ਼ਹਿਰ ਰਾਏਕੋਟ ਆਉਂਦੇ ਸਮੇਂ ਨੌਜਵਾਨ ਦੀ ਜਹਾਜ ’ਚ ਸਫਰ ਦੌਰਾਨ ਮੌਤ 

ਰਾਏਕੋਟ, 8 ਮਾਰਚ : ਆਪਣੇ ਮਾਤਾ ਅਤੇ ਪਿਤਾ ਦੇ ਨਾਲ ਏਅਰ ਇੰਡੀਆ ਦੀ ਫਲੈਟ ਵਿੱਚ ਕਨੇਡਾ ਤੋਂ ਆਪਣੇ ਸ਼ਹਿਰ ਰਾਏਕੋਟ ਆ ਰਹੇ ਨੌਜਵਾਨ ਸੁਪਿੰਦਰ ਸਿੰਘ ਗਰੇਵਾਲ (40) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖਬਰ ਹੈ। ਸੁਪਿੰਦਰ ਸਿੰਘ ਆਪਣੇ ਪਿਤਾ ਮੱਖਣ ਸਿੰਘ ਗਰੇਵਾਲ ਅਤੇ ਮਾਤਾ ਦਲਜੀਤ ਕੌਰ ਨਾਲ ਆਪਣੇ ਜੱਦੀ ਪਿੰਡ ਰਾਏਕੋਟ ਘਰ ਆਉਣ ਲਈ 6 ਮਾਰਚ ਨੂੰ ਵੈਨਕੋਵਰ ਤੋਂ ਦਿੱਲੀ ਲਈ ਚੱਲਿਆ ਸੀ ਤੇ ਸੱਤ ਘੰਟੇ ਦੇ ਸਫਰ ਉਪਰੰਤ ਸੁਪਿੰਦਰ ਨੂੰ ਜਹਾਜ ਵਿੱਚ ਹੀ ਦਿਲ ਦਾ ਦੌਰਾ ਪਿਆ ਜੋਂ ਉਸ ਨੂੰ ਮੌਤ ਦੇ ਮੂੰਹ ’ਚ ਲੈ ਗਿਆ। ਸੁਪਿੰਦਰ ਸਿੰਘ ਦੇ ਤਾਏ ਦੇ ਲੜਕੇ ਬਲਰਾਜ ਸਿੰਘ ਕੋਟ ਉਮਰਾ ਨੇ ਦੱਸਿਆ ਕਿ ਜਹਾਜ ਦੇ ਸਟਾਫ ਤੇ ਹੋਰ ਯਾਤਰੀਆਂ ਨੇ ਸੁਪਿੰਦਰ ਨੂੰ ਬਚਾਉਣ ਲਈ ਕਈ ਯਤਨ ਕੀਤੇ ਪ੍ਰੰਤੂ ਕੋਈ ਵੀ ਉਸ ਨੂੰ ਬਚਾ ਨਹੀਂ ਸਕਿਆ। ਸੁਪਿੰਦਰ ਸਿੰਘ ਆਪਣੇ ਮਾਤਾ ਪਿਤਾ ਦਾ ਇਕਲੋਤਾ ਪੁੱਤਰ ਸੀ ਤੇ ਉਹ ਆਪਣੇ ਪਿੱਛੇ ਆਪਣੇ ਬਜੁਰਗ ਮਾਤਾ ਪਿਤਾ, ਆਪਣੀ ਪਤਨੀ ਆਪਣੇ ਦੋ ਨੰਨੇ ਪੁੱਤਰ ਦੇਵ ਤੇ ਸ਼ਾਨ ਨੂੰ ਨੂੰ ਛੱਡ ਗਿਆ ਹੈ। ਬਲਰਾਜ ਸਿੰਘ ਨੇ ਦੱਸਿਆ ਕਿ ਮਿ੍ਰਤਕ ਦੀ ਪਤਨੀ ਅਤੇ ਬੱਚਿਆਂ ਦੇ ਪਾਸਪੋਰਟ ਰੀਨਿਊ ਨਾ ਹੋਣ ਕਾਰਨ ਸੁਪਿੰਦਰ ਦੀ ਮਿ੍ਰਤਕ ਦੇਹ ਉਸੇ ਏਅਰਲਾਈਨ ਰਾਹੀਂ ਅੱਜ ਵੈਨਕੋਵਰ (ਕਨੇਡਾ) ਵਿਖੇ ਭੇਜ ਦਿੱਤੀ ਗਈ ਹੈ। ਸੁਪਿੰਦਰ ਦੇ ਦੋਸਤ ਮਿਤਰ ਤੇ ਰਿਸ਼ਤੇਦਾਰ ਸਦਮੇ ’ਚ ਹਨ ਕਿ ਸੁਪਿੰਦਰ ਦੀ ਮਿ੍ਰਤਕ ਦੇਹ ਅੰਤ ਸਮੇਂ ਆਪਣੇ ਜੱਦੀ ਘਰ ਰਾਏਕੋਟ ਵੀ ਪੁੱਜ ਨਾ ਸਕੀ। ਸੁਪਿੰਦਰ ਦੇ ਪਿਤਾ ਮੱਖਣ ਸਿੰਘ ਅਤੇ ਮਾਤਾ ਦੋ ਦਿਨਾਂ ਬਾਅਦ ਆਪਣੇ ਪੁੱਤਰ ਦੇ ਸਸਕਾਰ ਲਈ ਕਨੇਡਾ ਵਾਪਸ ਜਾ ਰਹੇ ਹਨ।