ਅਮਰੀਕਾ 'ਚ ਸਿੱਖਾਂ ਨੂੰ ਮੋਟਰਸਾਈਕਲ ਚਲਾਉਂਦੇ ਸਮੇਂ ਸੁਰੱਖਿਆ ਹੈਲਮਟ ਪਾਉਣ ਤੋਂ ਛੋਟ ਦੇਣ ਵਾਲੇ ਬਿੱਲ ਦੇ ਹੱਕ ’ਚ ਕੀਤਾ ਮਤਦਾਨ 

ਕੈਲੀਫੋਰਨੀਆ, 4 ਜੂਨ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੀ ਸੈਨੇਟ ਨੇ ਸਿੱਖਾਂ ਨੂੰ ਮੋਟਰਸਾਈਕਲ ਚਲਾਉਂਦੇ ਸਮੇਂ ਸੁਰੱਖਿਆ ਹੈਲਮਟ ਪਾਉਣ ਤੋਂ ਛੋਟ ਦੇਣ ਵਾਲੇ ਬਿੱਲ ਦੇ ਹੱਕ ’ਚ ਮਤਦਾਨ ਕੀਤਾ ਹੈ। ਸੈਨੇਟਰ ਬ੍ਰਾਇਨ ਡਾਹਲੇ ਵੱਲੋਂ ਲਿਆਂਦੇ ਗਏ ਬਿੱਲ 847 ਨੂੰ ਇਸ ਹਫ਼ਤੇ 21-8 ਵੋਟਾਂ ਨਾਲ ਸੈਨੇਟ ਨੇ ਮਨਜ਼ੂਰੀ ਦਿੱਤੀ। ਹੁਣ ਇਸ ਬਿੱਲ ਨੂੰ ਸੂਬਾਈ ਅਸੈਂਬਲੀ ’ਚ ਪੇਸ਼ ਕੀਤਾ ਜਾਵੇਗਾ। ਡਾਹਲੇ ਨੇ ਸੈਨੇਟ ’ਚ ਬਿੱਲ ਪੇਸ਼ ਕਰਨ ਤੋਂ ਬਾਅਦ ਇਕ ਬਿਆਨ ’ਚ ਕਿਹਾ, ‘ਧਰਮ ਦੀ ਸੁਤੰਤਰਤਾ ਇਸ ਦੇਸ਼ ਦੀ ਇਕ ਪ੍ਰਮੁੱਖ ਨੀਂਹ ਹੈ। ਸਾਨੂੰ ਅਮਰੀਕੀਆਂ ਦੇ ਰੂਪ ’ਚ ਆਪਣੇ ਧਰਮ ਨੂੰ ਸੁਤੰਤਰ ਰੂਪ ਨਾਲ ਪ੍ਰਗਟ ਕਰਨ ਦਾ ਅਧਿਕਾਰ ਹੈ ਤੇ ਮੇਰਾ ਮੰਨਣਾ ਹੈ ਕਿ ਇਹ ਅਧਿਕਾਰ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ। ਪੱਗੜੀ ਜਾਂ ਪਟਕਾ ਬੰਨ੍ਹਣ ਵਾਲਿਆਂ ਨੂੰ ਹੈਲਮਟ ਪਾਉਣ ਤੋਂ ਛੋਟ ਦੇਣਾ ਇਹ ਯਕੀਨੀ ਬਣਾਉਣ ਦਾ ਇਕ ਆਸਾਨ ਤਰੀਕਾ ਹੈ ਕਿ ਸਾਰਿਆਂ ਦੀ ਧਾਰਮਿਕ ਸੁਤੰਤਰਤਾ ਸੁਰੱਖਿਅਤ ਰਹੇ।