ਆਤਮਿਕ ਸਨਮਾਨ ਲਈ ਯੂਐੱਸਏ ਫੌਜੀ ਸਿੱਖ ਪਹੁੰਚ ਗਏ ਕੋਰਟ ! ਡਿਊਟੀ ਜਾਂ ਸਿੱਖ ਮਾਨਤਾਵਾਂ ‘ਚੋਂ ਇੱਕ ਚੁਣਨ ਦਾ ਪੈ ਰਿਹਾ ਦਬਾਅ !

ਦੁਨੀਆਂ ਦੀ ਮੰਨੀ ਜਾਣ ਵਾਲੀ ਮਹਾਂ ਸ਼ਕਤੀ ਅਮਰੀਕਾ ਜਿਹੇ ਮੁਲਕ ਵਿੱਚ ਵੀ ਅੱਜਕੱਲ ਘੱਟ ਗਿਣਤੀਆਂ ਦੀ ਆਜ਼ਾਦੀ ਖ਼ਤਰੇ ਵਿੱਚ ਹੈ । ਇਸਦੀ ਤਾਜ਼ਾ ਮਿਸਾਲ ਚਾਰ ਸਿੱਖ ਫੌਜੀਆਂ ਵੱਲੋਂ ਆਪਣੇ ਧਾਰਮਿਕ ਪਹਿਰਾਵੇ ਅਤੇ ਧਾਰਮਿਕ ਮਾਨਤਾਵਾਂ ਦੀ ਬਹਾਲੀ ਲਈ ਅਦਾਲਤ ਦਾ ਸਹਾਰਾ ਲੈਣਾ ਹੈ । ਸੂਤਰਾਂ ਅਨੁਸਾਰ ਯੂਐੱਸਏ ਆਰਮੀ ਵਿੱਚ ਸਿੱਖ ਫੌਜੀਆਂ ਨੂੰ ਆਪਣੇ ਧਾਰਮਿਕ ਮਾਨਤਾਵਾਂ ਅਤੇ ਚਿੰਨ੍ਹਾਂ ਨਾਲ ਆਪਣੀ ਡਿਊਟੀ ‘ਤੇ ਜਾਣ ਸਮੇਂ ਸੰਘਰਸ਼ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ । ਜਾਣਕਾਰੀ ਅਨੁਸਾਰ ਇੱਕ ਅਧਿਕਾਰੀ ਸਮੇਤ ਚਾਰ ਅਮਰੀਕੀ ਸਿੱਖ ਫੌਜੀਆਂ ਨੇ ਸ਼ੂ ਮੈਰੀਨ ਕਾਰਪਸ ਵਿਰੁੱਧ ਕੇਸ ਦਰਜ ਕਰਵਾਇਆ ਹੈ । ਐਡਵੋਕੇਸੀ ਸੰਗਠਨ ਸਿੱਖ ਕੋਲੀਸ਼ਨ ਸਮੇਤ ਤਿੰਨ ਕਾਨੂੰਨੀ ਫਰਮ੍ਹਾਂ ਨੇ ਯੂਐੱਸਐੱਮਸੀ ਕਪਤਾਨ ਸੁਖਵੀਰ ਸਿੰਘ ਤੂਰ , ਮੈਰੀਨ ਮਿਲਾਪ ਸਿੰਘ ਚਹਿਲ , ਜਸਕੀਰਤ ਸਿੰਘ ਅਤੇ ਆਕਾਸ਼ ਸਿੰਘ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ । ਇਹਨਾਂ ਸ਼ਿਕਾਇਤ ਕਰਤਾਵਾਂ ਨੇ ਦੋਸ਼ ਲਗਾਇਆ ਹੈ ਕਿ ਮੈਰੀਨ ਕਾਰਪਸ ਉਹਨਾਂ ਨੂੰ ਯੂ ਐੱਸ ਏ ਆਰਮੀ ਜਾਂ ਆਪਣੀਆਂ ਧਾਰਮਿਕ ਆਸਥਾਵਾਂ ਵਿੱਚੋਂ ਇੱਕ ਨੂੰ ਚੁਣਨ ਲਈ ਦਬਾਅ ਬਣਾ ਰਹੀ ਹੈ । ਇਸ ਸੰਵੇਦਨਸ਼ੀਲ ਮੁੱਦੇ ‘ਤੇ 27 ਰਿਟਾਇਰਡ ਅਰਮੀ ਜਨਰਲਾਂ ਸਮੇਤ 100 ਤੋਂ ਜਿਆਦਾ ਅਮਰੀਕੀ ਸਾਂਸਦਾਂ ਨੇ ਸਿੱਖ ਕਲਿਸ਼ਨ ਦੇ ਹੱਕ ਵਿੱਚ ਸਮਰਥਨ ਦਿੱਤਾ ਹੈ । ਜਿਕਰਯੋਗ ਹੈ ਕਿ ਅਮਰੀਕਾ ਵਿੱਚ ਇਹ ਦੇਖਿਆ ਗਿਆ ਹੈ ਕਿ ਯੂ ਐੱਸ ਏ ਆਰਮੀ ਅਜੇ ਵੀ ਸਿੱਖ ਫੌਜੀ ਜਵਾਨਾਂ ਨੂੰ ਉਹਨਾਂ ਦੇ ਸਿੱਖੀ ਸਰੂਪ ਭਾਵ ਪਗੜੀ ਅਤੇ ਖੁੱਲ੍ਹੀ ਦਾਹੜੀ ਨਾਲ ਡਿਊਟੀ ਕਰਨ ਤੋਂ ਮਨਾਹੀ ਕੀਤੀ ਜਾ ਰਹੀ ਹੈ ।

ਹੁਣ ਦੇਖਣਾ ਇਹ ਹੋਵੇਗਾ ਕਿ ਸਿੱਖ ਫੌਜੀਆਂ ਦੀ ਧਾਰਮਿਕ ਮਰਿਯਾਦਾ ਦਾ ਇਹ ਮੁੱਦਾ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਬਣਨ ਮਗਰੋਂ ਫੌਜੀਆਂ ਦਾ ਆਤਮਿਕ ਸਨਮਾਨ ਬਹਾਲ ਕਰਵਾ ਸਕੇਗਾ ਜਾਂ ਨਹੀਂ ।

                                                                                                                                                        ਬਲਜਿੰਦਰ ਭਨੋਹੜ, (ਕਲੋਨਾ, ਬੀਸੀ, ਕਨੇਡਾ)