ਆਕਲੈਂਡ ’ਚ ਅਣਪਛਾਤੇ ਹਮਲਾਵਰਾਂ ਨੇ ਕੀਤਾ ਭਾਰਤੀ ਮੂਲ ਦੇ ਗੈਸ ਸਟੇਸ਼ਨ ’ਤੇ ਹਮਲਾ

ਆਕਲੈਂਡ, 06 ਜਨਵਰੀ : ਨਿਊਜ਼ੀਲੈਂਡ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਜਿਸ ਦੇ ਜਿਆਦਾ ਸ਼ਿਕਾਰ ਭਾਰਤੀ ਹੋ ਰਹੇ ਹਨ। ਇਸ ਤਹਿਤ ਇੱਕ ਨਵੀਂ ਘਟਨਾਂ ਸਾਹਮਣੇ ਆ ਰਹੀ ਹੈ, ਜਿਸ ਵਿੱਚ ਅਣਪਛਾਤੇ ਹਮਲਾਵਰਾਂ ਨੇ ਭਾਰਤੀ ਮੂਲ ਦੇ ਇੱਕ ਵਪਾਰੀ ਦੇ ਗੈਸ ਸਟੇਸ਼ਨ ਉੱਤੇ ਹਮਲਾ ਕਰ ਦਿੱਤਾ, ਜਿਸ ਨਾਲ ਦੇਸ਼ ਵਿੱਚ ਛੋਟੇ ਕਾਰੋਬਾਰੀਆਂ ਵਿਰੁੱਧ ਹਿੰਸਕ ਘਟਨਾਵਾਂ 'ਚ ਇੱਕ ਹੋਰ ਮਾਮਲਾ ਜੁੜ ਗਿਆ। ਪੁਲਿਸ ਦੇ ਇੱਕ ਬਿਆਨ ਦੇ ਅਨੁਸਾਰ, ਚੋਰ ਵੀਰਵਾਰ ਤੜਕੇ ਆਕਲੈਂਡ ਵਿੱਚ ਕੋਰਿਲੈਂਡਸ ਰੋਡ 'ਤੇ ਕੰਨਾ ਸ਼ਰਮਾ ਦੇ ਗੈਸ ਸਟੇਸ਼ਨ 'ਤੇ ਪਹੁੰਚੇ, ਕਾਰ ਨੇ ਗੈਸ ਸਟੇਸ਼ਨ 'ਤੇ ਤਿੰਨ ਵਾਰ ਟੱਕਰ ਮਾਰੀ ਅਤੇ ਗਰਿੱਲ ਤੇ ਸਾਹਮਣੇ ਦਾ ਸ਼ੀਸ਼ਾ ਤੋੜ ਦਿੱਤਾ, ਤਿੰਨ ਚੋਰਾਂ ਨੇ ਸਿਗਰਟਾਂ ਤੇ ਹੋਰ ਕਈ ਸਾਮਾਨ ਚੋਰੀ ਕਰ ਲਿਆ। ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਤੇ ਇਹ ਤੀਜਾ ਹਮਲਾ ਹੈ। ਉਨ੍ਹਾਂ ਕਿਹਾ, ''ਇਹ ਤੀਜੀ ਵਾਰ ਹੈ ਜਦੋਂ ਅਜਿਹਾ ਹਮਲਾ ਹੋਇਆ ਹੈ। ਮੈਂ ਬਰਬਾਦ ਹੋ ਗਿਆ ਹਾਂ। ਮੇਰਾ ਪਰਿਵਾਰ ਬਰਬਾਦ ਹੋ ਗਿਆ ਹੈ। ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ਨਿਊਜ਼ੀਲੈਂਡ ਵਰਗੀ ਥਾਂ ਅਜਿਹਾ ਭਿਆਨਕ ਸੁਪਨਾ ਵੀ ਹੋ ਸਕਦੀ ਹੈ।"