ਪੈਨਸਿਲਵੇਨੀਆ ਵਿੱਚ ਫੈਕਟਰੀ ‘ਚ ਹੋਏ ਧਮਾਕੇ ਕਾਰਨ ਦੋ ਲੋਕਾਂ ਦੀ ਮੌਤ, 9 ਲਾਪਤਾ

ਨਿਊਯਾਰਕ, 25 ਮਾਰਚ : ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿੱਚ ਸਥਿਤ ਇੱਕ ਚਾਕਲੇਟ ਫੈਕਟਰੀ ‘ਚ ਹੋਏ ਧਮਾਕੇ ‘ਚ ਦੋ ਲੋਕਾਂ ਦੀ ਮੌਤ ਅਤੇ ਕਈ ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਪੈਨਸਿਲਵੇਨੀਆ ਦੇ ਵੈਸਟ ਰੀਡਿੰਗ ਪੁਲਿਸ ਵਿਭਾਗ ਦੇ ਮੁਖੀ ਨੇ ਕਿਹਾ ਕਿ ਵੈਸਟ ਰੀਡਿੰਗ ਖੇਤਰ ਵਿੱਚ ਸਥਿਤ ਆਰ.ਐਮ. ਪਾਮਰ ਕੰਪਨੀ ਦੇ ਪਲਾਂਟ ਵਿੱਚ ਧਮਾਕਾ ਹੋਇਆ। ਉਨ੍ਹਾਂ ਦੱਸਿਆ ਕਿ ਧਮਾਕੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ 9 ਲੋਕ ਲਾਪਤਾ ਹਨ। ਫੈਕਟਰੀ 'ਚ ਧਮਾਕਾ ਸ਼ਾਮ ਕਰੀਬ 4.57 ਵਜੇ ਹੋਇਆ। ਧਮਾਕੇ ਕਾਰਨ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ ਅਤੇ ਨਾਲ ਲੱਗਦੀ ਇਮਾਰਤ ਨੂੰ ਵੀ ਨੁਕਸਾਨ ਪੁੱਜਾ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਕੋਈ ਖਤਰਾ ਨਹੀਂ ਹੈ ਪਰ ਪੁਲਿਸ ਨੇ ਸਾਵਧਾਨੀ ਦੇ ਤੌਰ 'ਤੇ ਲੋਕਾਂ ਨੂੰ ਫੈਕਟਰੀ ਵੱਲ ਜਾਣ ਤੋਂ ਰੋਕ ਦਿੱਤਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ 'ਚ ਜ਼ਖਮੀ ਹੋਏ ਅੱਠ ਲੋਕਾਂ ਨੂੰ ਸ਼ੁੱਕਰਵਾਰ ਸ਼ਾਮ ਨੂੰ ਰੀਡਿੰਗ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਬਾਕੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ।