ਕੌਮਾਂਤਰੀ ਪੱਧਰ ਦੀ ਦੋ ਰੋਜ਼ਾ ਪੰਜਾਬੀ ਕਾਨਫਰੰਸ ਸਮਾਪਤ, ਪ੍ਰਸਿੱਧ ਸਾਹਿਤਕਾਰਾਂ, ਬੁੱਧੀਜੀਵੀਆਂ ਤੇ ਵੱਡੀ ਗਿਣਤੀ 'ਚ ਪੰਜਾਬੀ ਪ੍ਰੇਮੀਆਂ ਹਾਜ਼ਰੀ ਭਰੀ

  • ਡਾ. ਸਾਹਿਬ ਸਿੰਘ ਨੂੰ 'ਅਰਜਨ ਸਿੰਘ ਬਾਠ' ਯਾਦਗਾਰੀ ਐਵਾਰਡ ਨਾਲ ਕੀਤਾ ਸਨਮਾਨਿਤ
  • ਸੁੱਖੀ ਬਾਠ ਤੇ ਪੰਜਾਬ ਭਵਨ ਟੀਮ ਵਲੋਂ ਕਾਨਫਰੰਸ ਦੀ ਸਫ਼ਲਤਾ ਲਈ ਸਮੂਹ ਸਹਿਯੋਗੀਆਂ ਦਾ ਧੰਨਵਾਦ

ਸਰੀ, 11 ਅਕਤੂਬਰ (ਜੋਗਿੰਦਰ ਸਿੰਘ) : ਕੌਮਾਂਤਰੀ ਪੱਧਰ ਸਰੀ 'ਚ ਚੱਲ ਰਹੀ ਦੋ ਰੋਜ਼ਾ ਪੰਜਾਬੀ ਕਾਨਫਰੰਸ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸਿਰਮੌਰ ਰੁਤਬੇ ਨੂੰ ਬਰਕਰਾਰ ਰੱਖਣ, ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਤੇ ਇਸ ਪਾਸੇ ਨਵੀਆਂ ਯੋਜਨਾਵਾਂ ਉਲੀਕਦੀ, ਨਵੀਂ ਪੀੜੀ ਨੂੰ ਆਪਣੇ ਅਮੀਰ ਤੇ ਗੌਰਵਮਈ ਵਿਰਸੇ ਨਾਲ ਜੁੜੇ ਰਹਿਣ ਅਤੇ ਪੰਜਾਬ ਤੇ ਵਿਦੇਸ਼ਾਂ 'ਚ ਬੈਠੇ ਪੰਜਾਬੀ ਨੌਜਵਾਨਾਂ ਦੇ ਭਵਿੱਖ ਨੂੰ ਰੌਸ਼ਨ ਬਣਾਉਣ ਦੇ ਪ੍ਰੋਗਰਾਮ ਦਿੰਦੀ ਅਤੇ ਮਹਿਲਾਵਾਂ ਦੀ ਬਰਾਬਰਤਾ ਦੀ ਗੱਲ ਕਰਦੀ ਅਤੇ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਨੂੰ ਆਪਣੇ ਵਤਨ, ਪਿੰਡਾਂ ਤੇ ਸਹਿਰਾਂ ਤੇ ਭਾਈਚਾਰੇ ਦਾ ਸੁਨੇਹਾ ਦੇਣ ਸਮੇਤ ਦੋਵਾਂ ਪੰਜਾਬਾਂ ਦੀ ਆਪਸੀ ਸਾਂਝ ਤੇ ਸਰਹੱਦਾਂ ਉਪਰ ਸ਼ਾਂਤੀ ਤੇ ਦੁਨੀਆਂ ਭਰ ਦੀ ਲੋਕਾਈ ਦੀ ਭਲਾਈ ਦਾ ਸੁਨੇਹਾ ਦਿੰਦੀ ਜਿਥੇ ਯਾਦਗਾਰੀ ਹੋ ਨਿੱਬਡ਼ੀ, ਉਥੇ ਅਗਲੇ ਸਾਲ ਮਿਲਣ ਦਾ ਵਾਅਦਾ ਕਰਦੀ ਸਮਾਪਤ ਹੋ ਗਈ l ਪੰਜਾਬ ਭਵਨ ਵਲੋਂ ਇਥੋਂ ਦੀ ਤਾਜ ਪਾਰਕ ਵਿਚ ਕਰਵਾਈ ਗਈ ਇਸ ਪੰਜਵੀਂ ਕਾਨਫਰੰਸ 'ਚ ਪੰਜਾਬ ਸਮੇਤ ਦੁਨੀਆਂ ਭਰ 'ਚੋਂ ਬੁੱਧੀਜੀਵੀਆਂ , ਸਾਹਿਤਕਾਰਾਂ ਤੇ ਪੰਜਾਬੀ ਪ੍ਰੇਮੀ ਸਰੋਤਿਆਂ ਨੇ ਹਾਜ਼ਰੀ ਭਰੀ। ਇਸ ਕਾਨਫਰੰਸ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ. ਸੀ. ਡਾ. ਐਸ. ਪੀ. ਸਿੰਘ, ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜੀਜ ਉਲਾ, ਡਾ. ਬੀ. ਐਸ. ਘੁੰਮਣ, ਡਾ. ਗੁਰਪਿੰਦਰ ਸਿੰਘ ਸਮਰਾ, ਡਾ. ਸਾਧੂ ਸਿੰਘ, ਡਾ. ਗੋਪਾਲ ਸਿੰਘ, ਡਾ. ਬਬਨੀਤ ਕੌਰ ਸਮੇਤ ਹੋਰ ਸ਼ਖ਼ਸੀਅਤਾਂ ਵਿਸ਼ੇਸ ਤੌਰ 'ਤੇ ਹਾਜ਼ਰ ਸਨ। ਮੁੱਖ ਪ੍ਰਬੰਧਕ ਸੁੱਖੀ ਬਾਠ ਤੇ ਪੰਜਾਬ ਭਵਨ ਦੀ ਟੀਮ ਵਲੋਂ ਫੁੱਲਾਂ ਦੇ ਬੁੱਕੇ ਭੇਟ ਕਰਕੇ ਪੁੱਜੇ ਮਹਿਮਾਨਾਂ ਦੀ ਮਹਿਮਾਨ ਨਿਵਾਜੀ ਕੀਤੀ ਗਈ ਅਤੇ ਜੀ ਆਇਆ ਆਖਿਆ ਗਿਆ। ਇਸ ਦੋ ਰੋਜ਼ਾ ਕਾਨਫਰੰਸ ਦੌਰਾਨ ਪੰਜਾਬ ਤੋਂ ਪੁੱਜੇ ਪ੍ਰਸਿੱਧ ਚਿੰਤਕ ਪਾਲੀ ਭੁਪਿੰਦਰ ਨੇ ਵੱਖ -ਵੱਖ ਵਿਸਿਆਂ 'ਤੇ ਆਪਣੇ ਪਰਚੇ ਪੜ੍ਹਦਿਆਂ ਪੰਜਾਬ ਤੇ ਪੰਜਾਬੀਆਂ ਨੂੰ ਵਿਕਾਸ ਤੇ ਤਰੱਕੀ ਵੱਲ ਵਧਣ ਦਾ ਸੁਨੇਹਾ ਦਿੱਤਾ। ਉਨ੍ਹਾਂ ਨਵੀਂ ਪੀੜੀ ਸਮੇਤ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੁੜੇ ਰਹਿਣ ਦੇ ਨਾਲ -ਨਾਲ ਹਮੇਸ਼ਾ ਆਪਣੀ ਮਿੱਟੀ ਦਾ ਮੋਹ ਮਨਾ 'ਚ ਬਣਾਈ ਰੱਖਣ ਦਾ ਸੱਦਾ ਦਿੱਤਾ। ਪਾਲੀ ਭੁਪਿੰਦਰ ਨੇ ਇਸ ਮਿਲਣੀ ਲਈ ਸੁੱਖੀ ਬਾਠ ਤੇ ਟੀਮ ਦਾ ਧੰਨਵਾਦ ਵੀ ਕੀਤਾ ਇਸੇ ਦੌਰਾਨ ਹੀ ਪਾਕਿਸਤਾਨ ਤੋਂ ਪੁੱਜੇ ਬਾਬਾ ਨਜਮੀ ਨੇ ਮਾਂ ਬੋਲੀ ਪੰਜਾਬੀ ਨੂੰ ਨਵੀਆਂ ਪੀੜੀਆਂ ਤੱਕ ਪਹੁੰਚਾਉਣ ਲਈ ਅਜਿਹੇ ਸਮਾਗਮ ਸਮੇਂ ਦੀ ਲੋੜ ਦੱਸਿਆ। ਉਨ੍ਹਾਂ ਕਿਰਤੀਆਂ ਤੇ ਕਾਮਿਆਂ ਦੇ ਹੱਕਾਂ ਲਈ ਬੇਬਾਕੀ ਨਾਲ ਲਿਖੀਆਂ ਆਪਣੀਆਂ ਰਚਨਾਵਾਂ ਵੀ ਪਡ਼ੀਆਂ। ਕਵਿਤਾਵਾਂ ਦੇ ਦੌਰ ਦੌਰਾਨ ਡਾ. ਤਾਹਿਰਾ, ਗੁਰਤੇਜ ਕੋਹਾਰਵਾਲਾ, ਡਾ. ਕਰਨੈਲ ਸਿੰਘ, ਸੁਖਵਿੰਦਰ ਅੰਮ੍ਰਿਤ, ਡਾ. ਗੁਰਮਿੰਦਰ ਸਿੱਧੂ, ਸੁਰਜੀਤ ਕੌਰ ਟਰਾਂਟੋ, ਰਵਿੰਦਰ ਵਹਾਅ, ਇੰਦਰਜੀਤ ਧਾਮੀ ਸਮੇਤ ਹੋਰ ਨਾਮੀ ਕਵੀਆਂ ਨੇ ਆਪਣੀਆਂ ਰਚਨਾਵਾਂ ਪੜੀਆਂ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕੈਨੇਡਾ ਪੜ੍ਹਾਈ ਲਈ ਪੁੱਜੇ ਵਿਦਿਆਰਥੀਆਂ ਦੇ ਹੱਕਾਂ ਤੇ ਹਿੱਤਾਂ ਲਈ ਸਰਕਾਰ ਪਾਸੋਂ ਕਦਮਾਂ ਦੇ ਨਾਲ ਪੰਜਾਬੀ ਭਾਈਚਾਰੇ ਪਾਸੋਂ ਵੀ ਸਹਿਯੋਗ ਮੰਗਿਆ l ਉਨ੍ਹਾਂ ਵਿਦਿਆਰਥੀਆਂ ਨੂੰ ਵੀ ਹੱਕਾਂ ਦੇ ਨਾਲ ਜਿੰਮੇਵਾਰੀਆਂ ਪਹਿਚਾਨਣ ਸੱਦਾ ਦਿੱਤਾ। ਇਸ ਮੌਕੇ ਵੱਖ -ਵੱਖ ਬੁਲਾਰਿਆਂ ਨੇ ਪੰਜਾਬੀ ਬੋਲੀ, ਚੇਤਨਤਾ ਅਤੇ ਪਰਵਾਸ ਬਾਰੇ ਬੌਧਿਕਤਾ ਭਰਪੂਰ ਪਰਚੇ ਪੜੇ। ਪ੍ਰਸਿੱਧ ਨਾਟਕਕਾਰ ਡਾ. ਸਾਹਿਬ ਸਿੰਘ ਨੇ ਦੋਵੇਂ ਦਿਨ ਆਪਣੇ ਨਾਟਕਾਂ ਦੀ ਸਫ਼ਲ ਪੇਸ਼ਕਾਰੀ ਦੌਰਾਨ ਵਿਦੇਸ਼ਾਂ 'ਚ ਵਸੇ ਪੰਜਾਬੀਆਂ ਨੂੰ ਸੁਨੇਹਾ ਦਿੱਤਾ ਅਤੇ ਵਿਦੇਸ਼ਾਂ 'ਚ ਪਰਵਾਸ ਕਰਕੇ ਪੁੱਜੇ ਰਹੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਉਭਾਰੀਆਂ। ਇਸ ਮੌਕੇ ਡਾ. ਸਾਹਿਬ ਸਿੰਘ ਨੂੰ 'ਅਰਜਨ ਸਿੰਘ ਬਾਠ' ਯਾਦਗਾਰੀ ਐਵਾਰਡ ਨਾਲ ਸਨਮਾਨਿਆ ਗਿਆ। ਉਘੇ ਲੇਖਕ ਕਵਿੰਦਰ ਚਾਂਦ ਅਤੇ ਅਮਰੀਕ ਪਲਾਹੀ ਨੇ ਸ਼ਾਇਰੀ ਤੇ ਵਿਲੱਖਣ ਅੰਦਾਜ 'ਚ ਬਾਖੂਬੀ ਸਟੇਜ ਸੰਚਾਲਨ ਕੀਤਾ। ਸੁੱਖੀ ਬਾਠ ਸਮੇਤ ਟੀਮ ਵਲੋਂ ਵੱਖ ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਟੇਜ ਸੰਚਾਲਨ ਦੌਰਾਨ ਰੂਪ ਦਵਿੰਦਰ ਨਾਹਲ, ਹਰਪ੍ਰੀਤ ਸਿੰਘ ਅਤੇ ਨਵਜੋਤ ਨੇ ਵੀ ਸਾਥ ਦਿੱਤਾ। ਇਸ ਕਾਨਫਰੰਸ 'ਚ ਵੱਡੀ ਗਿਣਤੀ 'ਚ ਲੇਖਕ, ਕਵੀ ਤੇ ਸਰੀ ਦੇ ਪੰਜਾਬੀ ਪ੍ਰੇਮੀ ਹਾਜ਼ਰ ਰਹੇ। ਦੋਵੇਂ ਦਿਨ ਸਰਬਜੀਤ ਚੀਮਾ ਦੀ ਸੰਸਥਾ ਰੰਗਲਾ ਪੰਜਾਬ ਵਲੋਂ ਭੰਗੜਾ ਪੇਸ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਚੋਹਲਾ, ਬਿੱਲਾ ਸੰਧੂ, ਦਵਿੰਦਰ ਬੈਨੀਪਾਲ, ਪੱਤਰਕਾਰ ਜੋਗਿੰਦਰ ਸਿੰਘ ਜਗਰਾਉਂ, ਗਾਇਕ ਆਕਾਸ਼ ਸਿੰਘ ਸਰੀ, ਜਰਨੈਲ ਸਿੰਘ ਸਮੇਤ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਹਾਜ਼ਰ ਸਨ।