ਟਵਿਟਰ ‘ਬਲੂ ਟਿੱਕ ਸਬਸਕ੍ਰਿਪਸ਼ਨ’ ਸ਼ੁਰੂ, ਯੂਜ਼ਰਸ ਨੂੰ ਦੇਣੇ ਪੈਣਗੇ ਪੈਸੇ

ਅਮਰੀਕਾ : ਟਵਿਟਰ ਇਕ ਵਾਰ ਫਿਰ ਆਪਣੀ ‘ਬਲੂ ਟਿੱਕ ਸਬਸਕ੍ਰਿਪਸ਼ਨ’ ਸੇਵਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੋਸ਼ਲ ਮੀਡੀਆ ਕੰਪਨੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਹ ਸੋਮਵਾਰ ਤੋਂ ਯੂਜ਼ਰਸ ਨੂੰ ਟਵਿੱਟਰ ਬਲੂ ਦੀ ਸਬਸਕ੍ਰਿਪਸ਼ਨ ਖਰੀਦਣ ਦੀ ਆਗਿਆ ਦੇਵੇਗੀ ‘ਤਾਂ ਜੋ ਉਹ ਬਲੂ ਵੈਰੀਫਾਈਡ ਅਕਾਊਂਟ ਅਤੇ ਵਿਸ਼ੇਸ਼ ਫ਼ੀਚਰਸ ਪ੍ਰਾਪਤ ਕਰਨ ਸਕਣ। ‘ਬਲੂ ਟਿੱਕ’ ਅਸਲ ਵਿੱਚ ਕੰਪਨੀਆਂ, ਮਸ਼ਹੂਰ ਹਸਤੀਆਂ, ਸਰਕਾਰੀ ਸੰਸਥਾਵਾਂ ਅਤੇ ਪੱਤਰਕਾਰਾਂ ਨੂੰ ਦਿੱਤੇ ਜਾਂਦੇ ਹਨ ਜੋ ਟਵਿੱਟਰ ਦੁਆਰਾ ਪ੍ਰਮਾਣਿਤ ਹੁੰਦੇ ਹਨ। ‘ਬਲੂ ਟਿੱਕ ਸਬਸਕ੍ਰਿਪਸ਼ਨ’ ਦੁਬਾਰਾ ਸ਼ੁਰੂ ਕਰਦੇ ਹੋਏ, ਸੇਵਾ ਦੀ ਕੀਮਤ ਵੈੱਬ ਯੂਜ਼ਰਸ ਲਈ $8 ਪ੍ਰਤੀ ਮਹੀਨਾ ਅਤੇ ਆਈਫੋਨ ਯੂਜ਼ਰਸ ਲਈ ਪ੍ਰਤੀ ਮਹੀਨਾ $11 ਹੋਵੇਗੀ। ਟਵਿੱਟਰ ਨੇ ਕਿਹਾ ਕਿ ਗਾਹਕ ਘੱਟ ਵਿਗਿਆਪਨ ਦੇਖਣਗੇ, ਲੰਬੇ ਵੀਡੀਓ ਪੋਸਟ ਕਰਨ ਦੇ ਯੋਗ ਹੋਣਗੇ ਅਤੇ ਉਨ੍ਹਾਂ ਦੇ ਟਵੀਟਸ ਨੂੰ ਵਧੇਰੇ ਪ੍ਰਮੁੱਖਤਾ ਨਾਲ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਐਲਨ ਮਸਕ ਨੇ ਅਕਤੂਬਰ ‘ਚ 44 ਅਰਬ ਡਾਲਰ ‘ਚ ਟਵਿਟਰ ਖਰੀਦਣ ਤੋਂ ਬਾਅਦ ਹਰ ਮਹੀਨੇ ਅੱਠ ਡਾਲਰ ਦੀ ਫੀਸ ‘ਤੇ ਕਿਸੇ ਨੂੰ ਵੀ ਬਲੂ ਟਿੱਕ ਦੇਣ ਦੀ ਸੇਵਾ ਸ਼ੁਰੂ ਕੀਤੀ ਪਰ ਕੁਝ ਫਰਜ਼ੀ ਯੂਜ਼ਰਸ ਨੇ ਬਲੂ ਟਿੱਕ ਵੀ ਹਾਸਲ ਕਰ ਲਏ, ਜਿਸ ਕਾਰਨ ਟਵਿੱਟਰ ਨੇ ਇਸ ਸੇਵਾ ਨੂੰ ਮੁਅੱਤਲ ਕਰ ਦਿੱਤਾ ਸੀ। ਪਰ ਹੁਣ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ।