ਸੂਬਾ ਸਿੰਧ ਤੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਆ ਰਹੀ ਸਿੰਧੀ ਹਿੰਦੂ ਸੰਗਤ ਦੀ ਭਰੀ ਟਰੇਨ ਪਟੜੀ ਤੋਂ ਉਤਰੀ

ਪਾਕਿਸਤਾਨ : ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਦੇ ਸੂਬਾ ਸਿੰਧ ਤੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਆ ਰਹੀ ਸਿੰਧੀ ਹਿੰਦੂ ਸੰਗਤ ਦੀ ਭਰੀ ਟਰੇਨ ਪਟੜੀ ਤੋਂ ਉਤਰ ਜਾਣ ਬਾਰੇ ਜਾਣਕਾਰੀ ਪ੍ਰਾਪਤ ਹੋਈ। ਪਾਕਿਸਤਾਨ ਦੇ ਸੂਬਾ ਸਿੰਧ ਦੇ ਸ਼ਹਿਰ ਡੇਹਰਕੀ ਕਸ਼ਮੋਰ ਜੈਕਬਾਬਾਦ ਵਜ਼ੀਰਾਬਾਦ ਤੋਂ ਇਕੱਤਰ ਹੋ ਕੇ ਵੱਡੀ ਗਿਣਤੀ 'ਚ ਸਿੰਧੀ ਹਿੰਦੂ ਸੰਗਤ ਹਰ ਸਾਲ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਪਾਕਿਸਤਾਨੀ ਸਿੰਧੀ ਹਿੰਦੂ ਸੰਗਤਾਂ ਆਉਂਦੀਆਂ ਹਨ। ਇਸੇ ਲੜੀ ਤਹਿਤ ਸ਼ਨਿਚਰਵਾਰ ਨੂੰ ਸੂਬਾ ਸਿੰਧ ਤੋਂ ਸਿੰਧੀ ਹਿੰਦੂ ਸੰਗਤਾਂ ਨੂੰ ਲੈ ਕੇ ਸਪੈਸ਼ਲ ਟਰੇਨ ਨਨਕਾਣਾ ਸਾਹਿਬ ਆ ਰਹੀ ਸੀ। ਨਨਕਾਣਾ ਸਾਹਿਬ ਤੋਂ ਕੁਝ ਕੁ ਕਿਲੋਮੀਟਰ ਦੂਰੀ 'ਤੇ ਇਲਾਕੇ ਟੋਬਾ ਟੇਕ ਸਿੰਘ ਵਿਖੇ ਇਸ ਟਰੇਨ ਦੇ ਸਵਾਰੀ ਡੱਬੇ ਪਟੜੀ ਤੋਂ ਉਤਰ ਗਏ। ਮੁੱਖ ਗੱਲ ਇਹ ਰਹੀ ਕਿ ਇਸ ਘਟਨਾ ਦੌਰਾਨ ਕਿਸੇ ਵੀ ਸਿੰਧੀ ਸੰਗਤ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ। ਟ੍ਰੇਨ ਦੀ ਰਫ਼ਤਾਰ ਘੱਟ ਹੋਣ ਕਾਰਨ ਮਾਮੂਲੀ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਨਨਕਾਣਾ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਟਰੇਨ ਦੇ ਪਟੜੀ ਤੋਂ ਉਤਰ ਜਾਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਿੰਧੀ ਸੰਗਤਾਂ ਨੂੰ ਵਿਸ਼ੇਸ਼ ਬੱਸਾਂ ਰਾਹੀਂ ਪੂਰੀ ਸੁਰੱਖਿਆ ਤਹਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਲਿਆਂਦਾ ਗਿਆ। ਟਰੇਨ ਹਾਦਸੇ ਦਾ ਸ਼ਿਕਾਰ ਹੋਣ ਬਾਰੇ ਭਗਤ ਸਨ ਰੇਲਵੇ ਨੇ ਇਨਕੁਆਰੀ ਵੀ ਖੋਲ੍ਹ ਦਿੱਤੀ ਗਈ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਘਟਨਾ ਕਿਵੇਂ ਤੇ ਕਿਉਂ ਵਾਪਰੀ ਹੈ। ਸਰਕਾਰੀ ਸੂਤਰਾਂ ਅਨੁਸਾਰ ਇਸ ਟ੍ਰੇਨ ਵਿੱਚ 225 ਸਿੰਧੀ ਹਿੰਦੂ ਸੰਗਤ ਤੇ 246 ਪਾਕਿਸਤਾਨੀ ਸਿੰਧ ਦੀ ਸਿੱਖ ਸੰਗਤ ਦੇ ਮੈਂਬਰ ਸਫ਼ਰ ਕਰ ਰਹੇ ਸਨ ਜੋ ਕੁਝ ਕੁ ਜ਼ਖ਼ਮੀਆਂ ਤੋਂ ਇਲਾਵਾ ਬਾਕੀ ਬਿਲਕੁਲ ਠੀਕਠਾਕ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪੁੱਜ ਗਏ ਹਨ।