ਦੱਖਣੀ ਘਾਨਾ ਵਿੱਚ ਬੱਸ ਤੇ ਟਰੱਕ 'ਚ ਹੋਈ ਭਿਆਨਕ ਟੱਕਰ, 8 ਲੋਕਾਂ ਦੀ ਹੋਈ ਮੌਤ

ਅਕਰਾ, 27 ਮਾਰਚ : ਦੱਖਣੀ ਘਾਨਾ ਵਿੱਚ ਇੱਕ ਮਿੰਨੀ ਬੱਸ ਅਤੇ ਇੱਕ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ਵਿੱਚ 8 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਘਾਨਾ ਨੈਸ਼ਨਲ ਫਾਇਰ ਸਰਵਿਸ ਦੇ ਪੂਰਬੀ ਖੇਤਰੀ ਡਿਵੀਜ਼ਨ ਕਮਾਂਡਰ ਜੈਨੀਫਰ ਨਾ ਯਾਰਲੇ ਕਵੇ ਨੇ ਦੱਸਿਆ ਕਿ ਇਹ ਹਾਦਸਾ ਪੂਰਬੀ ਖੇਤਰ ਦੇ ਲੋਅਰ ਮਾਨਿਆ ਕ੍ਰੋਬੋ ਨਗਰਪਾਲਿਕਾ ਵਿੱਚ ਕੋਪੋਂਗ-ਤੇਮਾ ਹਾਈਵੇਅ 'ਤੇ ਸ਼ਨੀਵਾਰ ਨੂੰ ਵਾਪਰਿਆ। ਕਵੇ ਨੇ ਦੱਸਿਆ ਕਿ ਹਾਦਸੇ ਵਿੱਚ ਛੇ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀਆਂ ਨੂੰ ਐਕਿਊਜ਼ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਮਿੰਨੀ ਬੱਸ ਨੇ ਸੜਕ 'ਤੇ ਖੜ੍ਹੀ ਬੱਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਪਰ ਉਲਟ ਦਿਸ਼ਾ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।