ਦੇਸ਼ 'ਚ ਅਜਿਹਾ ਮਾਹੌਲ ਬਣ ਰਿਹਾ ਹੈ, ਜੋ ਅਗਲੀਆਂ ਆਮ ਚੋਣਾਂ ’ਚ ਲੋਕਾਂ ਨੂੰ ਹੈਰਾਨ ਕਰ ਦੇਵੇਗਾ : ਰਾਹੁਲ ਗਾਂਧੀ 

ਵਾਸਿੰਗਟਨ, 02 ਜੂਨ : ਅਮਰੀਕਾ ਦੇ ਦੌਰੇ ਤੇ ਗਏ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਤਿੰਨ-ਚਾਰ ਵਿਧਾਨ ਸਭਾ ਚੋਣਾਂ ‘ਚ ਬੀਜੇਪੀ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਕੋਲ ਸੱਤਾਧਾਰੀ ਪਾਰਟੀ ਨੁੰ ਹਰਾਉਣ ਲਈ ਸਾਰੀਆਂ ਮੁੱਢਲੀਆਂ ਸਹੂਲਤਾਂ ਹਨ ਅਤੇ ਦੇਸ਼ ਦੀ ਜਿਆਦਾਤਰ ਆਬਾਦੀ ਵੀ ਭਾਜਪਾ ਦੀ ਹਮਾਇਤ ਨਹੀਂ ਕਰਦੀ। ਰਾਹੁਲ ਗਾਂਧੀ ਨੇ ਇਹ ਟਿੱਪਣੀ ਅਮਰੀਕਾ ‘ਚ ਭਾਰਤੀ-ਅਮਰੀਕੀ ਫਰੈਕ ਇਸਲਾਮ ਵੱਲੋਂ ਕਰਵਾਏ ਇੱਕ ਸਮਾਗਮ ‘ਚ ਕੀਤਾ। ਉਨ੍ਹਾਂ ਅੱਗੇ ਕਿਹਾ, ‘‘ਮੈਂ ਅਜੇ ਤੁਹਾਨੂੰ ਦਸ ਸਕਦਾ ਹਾਂ ਕਿ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਲਈ ਅਸਲ ’ਚ ਮੁਸ਼ਕਲ ਸਮਾਂ ਆਉਣ ਵਾਲਾ ਹੈ। ਅਸੀਂ ਉਨ੍ਹਾਂ ਨਾਲ ਉਹੀ ਕਰਾਂਗੇ ਜੋ ਅਸੀਂ ਕਰਨਾਟਕ ’ਚ ਕੀਤਾ ਹੈ। ਪਰ ਜੇਕਰ ਤੁਸੀਂ ਭਾਰਤੀ ਮੀਡੀਆ ਤੋਂ ਪੁੱਛੋਗੇ ਤਾਂ ਉਹ ਕਹਿਣਗੇ ਕਿ ਅਜਿਹਾ ਨਹੀਂ ਹੋਵੇਗਾ।’’ ਕਰਨਾਟਕ ’ਚ 10 ਮਈ ਨੂੰ ਹੋਈਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਬਹੁਮਤ ਹਾਸਲ ਕਰ ਕੇ ਭਾਜਪਾ ਨੂੰ ਸਤਾ ਤੋਂ ਬਾਹਰ ਕਰ ਦਿਤਾ ਸੀ। ਰਾਹੁਲ ਗਾਂਧੀ ਨੇ ਭਾਰਤੀ-ਅਮਰੀਕੀਆਂ ਦੇ ਸਮੂਹ, ਥਿੰਕ-ਟੈਂਕ ਭਾਈਚਾਰੇ ਦੇ ਮੈਂਬਰਾਂ ਅਤੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਭਾਰਤੀ ਪ੍ਰੈੱਸ ਮੌਜੂਦਾ ਸਮੇਂ ’ਚ ਉਹੀ ਦਿਖਾ ਰਿਹਾ ਹੈ ਜੋ ਪੂਰੀ ਤਰ੍ਹਾਂ ਨਾਲ ਭਾਜਪਾ ਦੇ ਹੱਕ ’ਚ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਦੇ 60 ਫ਼ੀਸਦੀ ਲੋਕ ਭਾਜਪਾ ਨੂੰ ਵੋਟ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਸ਼ੋਰ ਮਚਾਉਣ ਦੇ ਸਾਧਨ ਹਨ, ਇਸ ਲਈ ਉਹ ਚੀਕ ਸਕਦੇ ਹਨ। ਉਹ ਚੀਜ਼ਾਂ ਨੂੰ ਤੋੜ-ਮਰੋੜ ਸਕਦੇ ਹਨ ਅਤੇ ਉਹ ਇਹ ਕੰਮ ਬਹੁਤ ਚੰਗੇ ਤਰੀਕੇ ਨਾਲ ਕਰਦੇ ਹਨ। ਹਾਲਾਂਕਿ ਉਨ੍ਹਾਂ ਕੋਲ ਭਾਰਤੀ ਆਬਾਦੀ ਦਾ ਵਿਸ਼ਾਲ ਬਹੁਮਤ ਬਿਲਕੁਲ ਨਹੀਂ ਹੈ। ਨੈਸ਼ਨਲ ਪ੍ਰੈੱਸ ਕਲੱਬ (ਐਨ.ਪੀ.ਸੀ.) ’ਚ ਮੀਡੀਆ ਨਾਲ ਗੱਲਬਾਤ ’ਚ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਅੰਦਰ ਗੁਪਤ ਤਰੀਕੇ ਨਾਲ ਅਜਿਹਾ ਮਾਹੌਲ ਬਣ ਰਿਹਾ ਹੈ ਜੋ ਅਗਲੀਆਂ ਆਮ ਚੋਣਾਂ ’ਚ ਲੋਕਾਂ ਨੂੰ ਹੈਰਾਨ ਕਰ ਦੇਵੇਗਾ। ਇਸ ਸਾਲ ਦੇ ਅੰਤ ’ਚ ਪੰਜ ਸੂਬਿਆਂ- ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਜੋ 2024 ’ਚ ਹੋਣ ਵਾਲੀਆਂ ਮਹੱਤਵਪੂਰਲ ਆਮ ਚੋਣਾਂ ਲਈ ਆਧਾਰ ਤਿਆਰ ਕਰਨਗੀਆਂ।