ਕੈਲੀਫੋਰਨੀਆ, 19 ਅਪ੍ਰੈਲ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਅਨਮੋਲ ਅਮਰੀਕਾ ਵਿੱਚ ਨਜ਼ਰ ਆਇਆ ਹੈ। ਅਨਮੋਲ ਮੂਸੇਵਾਲਾ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਦਾ ਭਰਾ ਹੈ। ਉਹ ਪੰਜਾਬੀ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਦੇ ਸ਼ੋਅ ‘ਚ ਪਹੁੰਚਿਆ ਹੋਇਆ ਸੀ। ਇਹ ਪ੍ਰੋਗਰਾਮ ਕੈਲੀਫੋਰਨੀਆ ਦੇ ਬੇਕਰਸਫੀਲਡ ਵਿੱਚ ਹੋਇਆ ਸੀ। ਵੀਡੀਓ ‘ਚ ਅਨਮੋਲ ਵੀ ਸਟੇਜ ‘ਤੇ ਨਜ਼ਰ ਆ ਰਿਹਾ ਹੈ। ਉਹ ਸੈਲਫੀ ਲੈਂਦੇ ਵੀ ਨਜ਼ਰ ਆ ਰਿਹਾ ਹੈ। ਇਹ ਵੀਡੀਓ ਪਿਛਲੀ 16 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਅਨਮੋਲ ਦਾ ਇਨ੍ਹਾਂ ਗਾਇਕਾਂ ਨਾਲ ਹੋਣਾ ਇਸ ਲਈ ਜ਼ਿਆਦਾ ਅਹਿਮ ਹੈ ਕਿਉਂਕਿ ਮੂਸੇਵਾਲਾ ਦੇ ਕਤਲ ਦੇ ਮਾਮਲੇ ‘ਚ ਕੁਝ ਪੰਜਾਬੀ ਗਾਇਕਾਂ ‘ਤੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ। ਮੂਸੇਵਾਲਾ ਦੇ ਮਾਪੇ ਵੀ ਲਗਾਤਾਰ ਕਹਿ ਰਹੇ ਹਨ ਕਿ ਉਨ੍ਹਾਂ ਦੇ ਪੁੱਤ ਦੇ ਕਤਲ ਦੀ ਸਾਜ਼ਿਸ਼ ‘ਚ ਮਿਊਜ਼ਿਕ ਇੰਡਸਟਰੀ ਦੇ ਲੋਕ ਵੀ ਸ਼ਾਮਲ ਹਨ। ਪੰਜਾਬ ਪੁਲਿਸ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਲਾਰੇਂਸ ਨੇ ਤਿਹਾੜ ਜੇਲ੍ਹ ਵਿੱਚ ਬੈਠ ਕੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਇਸ ਤੋਂ ਬਾਅਦ ਉਸ ਦੇ ਭਰਾ ਅਨਮੋਲ ਅਤੇ ਭਾਣਜੇ ਸਚਿਨ ਨੇ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਮੂਸੇਵਾਲਾ ਦੀ ਰੇਕੀ ਕਰਵਾਈ। ਫਿਰ ਉਨ੍ਹਾਂ ਲਈ ਸ਼ੂਟਰਾਂ ਅਤੇ ਹਥਿਆਰਾਂ ਦਾ ਇੰਤਜ਼ਾਮ ਕੀਤਾ। ਲਾਰੇਂਸ ਦੀ ਕੋਸ਼ਿਸ਼ ਸੀ ਕਿ ਸਚਿਨ ਤੇ ਅਨਮੋਲ ਮੂਸੇਵਾਲਾ ਦਾ ਕਤਲ ਕਰਵਾਉਣ, ਪਰ ਉਸ ਮਗਰੋਂ ਇਸ ਕੇਸ ਵਿੱਚ ਉਨ੍ਹਾਂ ਦਾ ਨਾਂ ਨਾ ਆਵੇ ਜਾਂ ਫਿਰ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਨਾ ਕਰੇ। ਭਰਾ ਨੂੰ ਬਚਾਉਣ ਲਈ ਮੂਸੇਵਾਲਾ ਦਾ ਕਤਲ ਕਰਵਾਉਣ ਤੋਂ ਪਹਿਲਾਂ ਭਰਾ ਅਨਮੋਲ ਤੇ ਭਾਣਜੇ ਸਚਿਨ ਦੇ ਫੇਕ ਪਾਸਪੋਰਟ ਬਣਵਾਏ ਤੇ ਉਨ੍ਹਾਂ ਨੂੰ ਬਾਹਰ ਭੇਜ ਦਿੱਤਾ। ਇਸ ਮਗਰੋਂ 29 ਮਈ ਨੂੰ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ। ਸੋਸ਼ਲ ਮੀਡੀਆ ‘ਤੇ ਵਿਰੋਧ ਹੋਣ ‘ਤੇ ਗਾਇਕ ਕਰਨ ਔਜਲਾ ਨੇ ਵੀ ਇਸ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਕਰਨ ਔਜਲਾ ਨੇ ਕਿਹਾ- ਮੈਨੂੰ ਨਹੀਂ ਲੱਗਾ ਕਿ ਮੈਨੂੰ ਇਸ ਦੀ ਲੋੜ ਹੈ, ਪਰ ਇੰਨੇ ਸਾਰੇ ਪੋਸਟ ਤੇ ਮੈਸੇਜਾਂ ਨੂੰ ਵੇਖਣ ਮਗਰੋਂ ਮੈਂ ਐਤਵਾਰ ਨੂੰ ਬੇਕਰਸਫੀਲ CA ਵਿੱਚ ਪ੍ਰੋਗਰਾਮ ਬਾਰੇ ਸਪੱਸ਼ਟ ਕਰਨਾ ਚਾਹੁੰਦਾ ਹਾਂ। ਇਕ ਕਲਕਾਰ ਵਜੋਂ ਮੈਨੂੰ ਅਤੇ ਵੀਰ ਸ਼ੈਰੀ ਮਾਨ ਨੂੰ ਸਾਡੇ ਕਾਮਨ ਫ੍ਰੈਂਡ ਦੀ ਬੇਨਤੀ ‘ਤੇ ਇੱਕ ਰਿਸੈਪਸ਼ਨ ਸ਼ੋਅ ਵਿੱਚ ਪਰਫਾਰਮ ਕਰਨ ਲਈ ਬੁੱਕ ਕੀਤਾ ਗਿਆ ਸੀ। ਔਜਲਾ ਨੇ ਕਿਹਾ ਕਿ ਕਲਾਕਾਰਾਂ ਦੇ ਤੌਰ ‘ਤੇ ਸਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਸਾਡੇ ਵੱਲੋਂ ਬੁੱਕ ਕੀਤੇ ਗਏ ਵਿਆਹ ਦੇ ਸ਼ੋਆਂ ਵਿੱਚ ਕੌਣ ਆ ਹੈ ਜਾਂ ਕਿਸ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਇਸ ਲਈ ਮੈਨੂੰ ਵਿਆਹ ਦੇ ਸ਼ੋਅ ਕਰਨਾ ਪਸੰਦ ਨਹੀਂ ਹੈ। ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਜਦੋਂ ਉਹ ਪਰਫਾਰਮ ਕਰ ਰਹੇ ਸਨ ਤਾਂ ਇੱਕ ਸ਼ੱਕੀ ਬੰਦਾ ਮੇਰਾ ਅਤੇ ਵੀਰ ਸ਼ੈਰੀ ਦਾ ਪਿੱਛਾ ਕਰ ਰਿਹਾ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਕੌਣ ਹੋ ਸਕਦਾ ਹੈ ਜਦੋਂ ਤੱਕ ਮੈਂ ਇਨ੍ਹਾਂ ਪੋਸਟਾਂ ਅਤੇ ਮੈਸੇਜਾਂ ਨੂੰ ਨਹੀਂ ਦੇਖਿਆ। ਉਸ ਨੇ ਕਿਹਾ ਕਿ ਇੱਕ ਕਲਾਕਾਰ ਵਜੋੰ ਮੈਂ ਆਪਣੇ ਪ੍ਰਦਰਸ਼ਨ ‘ਤੇ ਧਿਆਨ ਕੇਂਦਰਿਤ ਕਰਦਾ ਹਾਂ ਅਤੇ ਸ਼ੋਅ ਛੱਡ ਦਿੰਦਾ ਹਾਂ। ਮੈਂ ਹਰ ਬੰਦ ਵੱਲ ਧਿਆਨ ਨਹੀਂ ਦਿੰਦਾ ਕਿਉਂਕਿ ਆਲੇ-ਦੁਆਲੇ ਬਹੁਤ ਸਾਰੇ ਲੋਕ ਹਨ। ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਕਈ ਕੈਮਰੇ ਅਤੇ ਫ਼ੋਨ ਲਗਾਤਾਰ ਰਿਕਾਰਡਿੰਗ ਕਰ ਰਹੇ ਸਨ ਅਤੇ ਆਮ ਤੌਰ ‘ਤੇ ਮੈਂ ਜਿਥੇ ਹਾਂ, ਉੱਥੇ ਇਹ ਹੁੰਦਾ ਹੈ। ਮੈਂ ਕਦੇ ਵੀ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਕਿਸੇ ਚੀਜ਼ ਨਾਲ ਆਪਣੇ ਆਪ ਨੂੰ ਸ਼ਾਮਲ ਨਹੀਂ ਹੁੰਦਾ ਤੇ ਨਾ ਹੀ ਜੋੜਦਾ ਹਾਂ। ਗਾਇਕ ਨੇ ਕਿਹਾ ਕਿ ਮੈਨੂੰ ਇਹਨਾਂ ਗੱਲਾਂ ਵਿੱਚ ਸ਼ਾਮਲ ਨਾ ਕਰੋ। ਇੱਕ ਕਲਾਕਾਰ ਦੇ ਰੂਪ ਵਿੱਚ ਤੁਸੀਂ ਪਹਿਲਾਂ ਹੀ ਬਹੁਤ ਸਾਰੀਆਂ ਚੀਜ਼ਾਂ ਵਿੱਚੋਂ ਲੰਘ ਰਹੇ ਹੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ। ਇਹ ਇੱਕ ਨਿਮਰਤਾ ਸਣੇ ਬੇਨਤੀ ਹੋਵੇਗੀ ਕਿ ਸਥਿਤੀ ਨੂੰ ਹੋਰ ਪੇਚੀਦਾ ਨਾ ਕੀਤਾ ਜਾਵੇ। ਉਮੀਦ ਹੈ ਕਿ ਇਸ ਨਾਲ ਮਾਮਲਾ ਸਪੱਸ਼ਟ ਹੋਵੇਗਾ।