ਗਾਇਕ ਦਿਲਜੀਤ ਦੁਸਾਂਝ ਨੇ ਰਚਿਆ ਇਤਿਹਾਸ, ਮੈਲਬੌਰਨ 'ਚ ‘ਰੋਡ ਲੈਵਰ ਅਰੇਨਾ’ ਸ਼ੋਅ ਨੂੰ ਸੋਲਡ ਆਊਟ ਕਰਨ ਵਾਲੇ ਪਹਿਲੇ ਕਲਾਕਾਰ ਬਣੇ 

ਮੈਲਬੌਰਨ, 13 ਅਕਤੂਬਰ : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਆਸਟ੍ਰੇਲੀਆ-ਨਿਊਜ਼ੀਲੈਂਡ ‘ਬੌਰਨ ਟੂ ਸ਼ਾਈਨ’ ਟੂਰ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਦੁਸਾਂਝਾਂਵਾਲੇ ਨੇ ਇੱਕ ਹੋਰ ਇਤਿਹਾਸ ਰਚਿਆ ਹੈ। ਦਰਅਸਲ, ਦਿਲਜੀਤ ਮੈਲਬੌਰਨ ਵਿੱਚ ‘ਰੋਡ ਲੈਵਰ ਅਰੇਨਾ’ ਸ਼ੋਅ ਨੂੰ ਸੋਲਡ ਆਊਟ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣ ਗਏ ਹਨ, ਜਿੱਥੇ ਉਹ ਅੱਜ ਯਾਨੀ ਕਿ 13 ਅਕਤੂਬਰ ਪਰਫਾਰਮ ਕਰਨਗੇ। ਇਸ ਤੋਂ ਇਲਾਵਾ ਉਹ ਕਿਸੇ ਸ਼ੋਅ ਲਈ ਸਭ ਤੋਂ ਵੱਧ ਵਿਕਣ ਵਾਲੀਆਂ ਟਿਕਟਾਂ ਦੇ ਮਾਮਲੇ ਵਿੱਚ ਪਹਿਲੇ ਭਾਰਤੀ ਕਲਾਕਾਰ ਵੀ ਬਣ ਗਏ ਹਨ। ਦੱਸ ਦੇਈਏ ਕਿ ਦਿਲਜੀਤ ਦੁਸਾਂਝ ਲਈ ਸਾਲ 2023 ਬਹੁਤ ਵਧੀਆ ਰਿਹਾ ਹੈ। ਗਾਇਕ ਨੇ ਇਸ ਸਾਲ ਕਈ ਰਿਕਾਰਡ ਆਪਣੇ ਨਾਂ ਕੀਤੇ। ਕੋਚੈਲਾ ਪਰਫਾਰਮੈਂਸ ਵਿੱਚ ਸ਼ਾਨਦਾਰ ਪਰਫਾਰਮੈਂਸ ਦੇ ਕੇ ਦਿਲਜੀਤ ਨੇ ਪੂਰੀ ਦੁਨੀਆ ਨੂੰ ਆਪਣਾ ਮੁਰੀਦ ਬਣਾ ਲਿਆ । ਦਿਲਜੀਤ ਨੇ ਇਸ ਸਾਲ 14 ਅਪ੍ਰੈਲ ਨੂੰ ਕੈਲੀਫੋਰਨੀਆ ਦੇ ਕੋਚੈਲਾ ਫੈਸਟੀਵਲ ਵਿੱਚ ਪਰਫਾਰਮ ਕੀਤਾ ਸੀ। ਕੋਚੈਲਾ ਵਿੱਚ ਪਰਫਾਰਮ ਕਰਨ ਵਾਲੇ ਦਿਲਜੀਤ ਪਹਿਲੇ ਕਲਾਕਾਰ ਬਣੇ। ਹੁਣ ਦਿਲਜੀਤ ਨੇ ਮੇਲਬੋਰਨ ਵਿੱਚ ਇਤਿਹਾਸ ਰਚ ਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਦੱਸ ਦੇਈਏ ਕਿ ਹਾਲ ਹੀ ‘ਚ ਦਿਲਜੀਤ ਦੋਸਾਂਝ ਦੀ ‘ਗੋਸਟ’ ਐਲਬਮ ਰਿਲੀਜ਼ ਹੋਈ ਹੈ। ਇਸ ਐਲਬਮ ‘ਚ ਕੁਲ 22 ਟਰੈਕ ਹਨ, ਜਿਹਨਾਂ ‘ਚੋਂ 2 ਗੀਤਾਂ ‘ਫੀਲ ਮਾਈ ਲਵ’ ਤੇ ‘ਕੇਸ’ ਦੀਆਂ ਵੀਡੀਓਜ਼ ਰਿਲੀਜ਼ ਹੋ ਚੁੱਕੀਆਂ ਹਨ। ਇਸ ਦੇ ਨਾਲ ਉਨ੍ਹਾਂ ਨੇ ਆਪਣੀ ਨਵੀਂ ਫਿਲਮ ‘ਰੰਨਾਂ ‘ਚ ਧੰਨਾਂ’ ਦਾ ਐਲਾਨ ਵੀ ਕੀਤਾ ਹੈ।