ਸਿੱਖ ਗ੍ਰੰਥੀ ਨੇ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਅਰਦਾਸ ਕਰ ਇਤਿਹਾਸ 

ਵਾਸ਼ਿੰਗਟਨ, 30 ਸਤੰਬਰ : ਅਮਰੀਕਾ ਵਿਚ ਨਿਊਜਰਸੀ ਦੇ ਇਕ ਸਿੱਖ ਗ੍ਰੰਥੀ ਨੇ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਅਰਦਾਸ ਕਰ ਇਤਿਹਾਸ ਰਚ ਦਿੱਤਾ ਹੈ। ਨਿਊਜਰਸੀ ਦੇ ਪਾਈਨ ਹਿੱਲ ਗੁਰਦੁਆਰੇ ਦੇ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸਦਨ ਵਿੱਚ ਅਰਦਾਸ ਕਰਕੇ ਦਿਨ ਦੀ ਕਾਰਵਾਈ ਸ਼ੁਰੂ ਕੀਤੀ। ਆਮ ਤੌਰ 'ਤੇ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਪਾਦਰੀ ਪ੍ਰਾਰਥਨਾ ਕਰਦਾ ਹੈ। ਪਰ ਇਸ ਵਾਰ ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਨੇ ਐਲਾਨ ਕੀਤਾ ਕਿ ਸਿੰਘ ਕਾਰਵਾਈ ਸ਼ੁਰੂ ਕਰਨਗੇ। ਅਰਦਾਸ ਤੋਂ ਤੁਰੰਤ ਬਾਅਦ ਕਾਂਗਰਸਮੈਨ ਡੋਨਾਲਡ ਨੌਰਕਰੌਸ ਨੇ ਇਸ ਨੂੰ ਇਤਿਹਾਸਕ ਮੌਕਾ ਦੱਸਿਆ। ਗਿਆਨੀ ਜਸਵਿੰਦਰ ਸਿੰਘ ਅਮਰੀਕਾ ਦੇ ਪ੍ਰਤੀਨਿਧੀ ਸਭਾ (ਸੰਸਦ ਦੇ ਹੇਠਲੇ ਸਦਨ) ਵਿੱਚ ਅਰਦਾਸ ਕਰਨ ਵਾਲੇ ਪਹਿਲੇ ਸਿੱਖ ਗ੍ਰੰਥੀ ਬਣ ਗਏ ਹਨ। ਨੌਰਕਰੌਸ ਨੇ ਕਿਹਾ, "ਅੱਜ ਰਚਿਆ ਗਿਆ ਇਤਿਹਾਸ ਇਹ ਯਾਦ ਦਿਵਾਉਂਦਾ ਹੈ ਕਿ ਅਮਰੀਕਾ ਧਰਮ ਦੇ ਸੁਤੰਤਰ ਪ੍ਰਗਟਾਵੇ ਦਾ ਸੁਆਗਤ ਕਰਦਾ ਹੈ ਅਤੇ ਉਸ ਨੂੰ ਅਹਿਮੀਅਤ ਦਿੰਦਾ ਹੈ ਅਤੇ ਹਮੇਸ਼ਾ ਇਸ ਲਈ ਵਚਨਬੱਧ ਰਹੇਗਾ। ਗਿਆਨੀ ਸਿੰਘ ਨੇ ਅੱਜ ਸਾਊਥ ਜਰਸੀ ਨੂੰ ਮਾਣ ਮਹਿਸੂਸ ਕਰਾਇਆ ਹੈ ਅਤੇ ਉਨ੍ਹਾਂ ਨਾਲ ਇਸ ਪਲ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ।"