ਅਮਰੀਕੀ ਸੂਬੇ ਕੈਲੀਫੋਰਨੀਆ ਦੀ ਜ਼ਿਲ੍ਹਾ ਅਦਾਲਤ ਵਿੱਚ ਭਾਰਤੀ ਮੂਲ ਦੀ ਸ਼ਮਾ ਹਕੀਮ ਮੇਸੀਵਾਲਾ ਸਹਾਇਕ ਜੱਜ ਨਿਯੁਕਤ

ਕੈਲੀਫੋਰਨੀਆ, 01 ਮਾਰਚ : ਭਾਰਤੀ ਮੂਲ ਦੀ ਸ਼ਮਾ ਹਕੀਮ ਮੇਸੀਵਾਲਾ ਨੇ ਵਿਦੇਸ਼ ਵਿੱਚ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਦਰਅਸਲ, ਸ਼ਮਾ ਹਕੀਮ ਨੂੰ ਅਮਰੀਕੀ ਸੂਬੇ ਕੈਲੀਫੋਰਨੀਆ ਦੀ ਅਪੀਲੀ ਮਾਮਲਿਆਂ ਨਾਲ ਜੁੜੀ ਜ਼ਿਲ੍ਹਾ ਅਦਾਲਤ ਵਿੱਚ ਸਹਾਇਕ ਜੱਜ ਦੇ ਅਹੁਦੇ ’ਤੇ ਸਹਾਇਕ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ। ਦੱਸ ਦੇਈਏ ਕਿ ਸ਼ਮਾ ਹਕੀਮ ਮੇਸੀਵਾਲਾ (48) ਪਹਿਲੀ ਦੱਖਣ ਏਸ਼ੀਆਈ ਅਮਰੀਕਨ ਔਰਤ ਤੇ ਪਹਿਲੀ ਅਮਰੀਕਨ ਮੁਸਲਮਾਨ ਹੈ ਜੋ ਇਸ ਅਹੁੱਦੇ ’ਤੇ ਪਹੁੰਚੇ ਹਨ । ਚੀਫ਼ ਜਸਟਿਸ ਪੈਟਰੀਸੀਆ ਗੁਰੇਰੋ, ਚੇਅਰ ਆਫ਼ ਦ ਕਮਿਸ਼ਨ ਆਨ ਜੁਡੀਸ਼ੀਅਲ ਅਪਾਇੰਟਮੈਂਟਸ ਨੇ ਸ਼ਮਾ ਹਕੀਮ ਮੇਸੀਵਾਲਾ ਨੂੰ ਸਹੁੰ ਚੁੱਕਾਈ। ਕੈਲੀਫੋਰਨੀਆ ਦੀ ਜੁਡੀਸ਼ੀਅਲ ਕੌਂਸਲ ਵੱਲੋਂ ਜਾਰੀ ਬਿਆਨ ਅਨੁਸਾਰ ਸੈਕਰਾਮੈਂਟੋ ਸ਼ਹਿਰ ਵਿੱਚ ਤੀਜੀ ਜ਼ਿਲ੍ਹਾ ਅਪੀਲੀ ਅਦਾਲਤ ਦੇ ਸਹਾਇਕ ਜੱਜ ਵਜੋਂ ਮੇਸੀਵਾਲਾ ਦੀ ਨਿਯੁਕਤੀ ਦੀ ਪੁਸ਼ਟੀ 14 ਫਰਵਰੀ ਨੂੰ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਦੀ ਚੀਫ਼ ਜਸਟਿਸ ਪੇਟ੍ਰੀਸੀਆ ਗਯੁਰੇਰੋ ਨੇ ਕੀਤੀ ਸੀ । ਮੈਸੀਵਾਲਾ ਨੇ 2017 ਤੋਂ ਸੈਕਰਾਮੈਂਟੋ ਕਾਊਂਟੀ ਕੋਰਟ ਜੱਜ ਵਜੋਂ ਸੇਵਾਵਾਂ ਨਿਭਾਈਆਂ ਹਨ ਤੇ ਉਹ ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ ਸੈਕਰਾਮੈਂਟੋ ਦੇ ਸਹਿ ਸੰਸਥਾਪਕ ਵੀ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਜੱਜ ਮੇਸੀਵਾਲਾ ਦੇ ਨਾਮ ਦੀ ਪੁਸ਼ਟੀ ਤਿੰਨ ਮੈਂਬਰੀ ਕਮਿਸ਼ਨ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ ਵੋਟਿੰਗ ਵਿੱਚ ਹੋਈ, ਜਿਸ ਵਿੱਚ ਚੀਫ਼ ਜਸਟਿਸ ਗਯੁਰੇਰੋ, ਅਟਾਰਨੀ ਜਨਰਲ ਰੋਬ ਬੋਂਟਾ ਅਤੇ ਕਾਰਜਕਾਰੀ ਜੱਜ ਰੋਨਾਲਡ ਬੀ. ਰੋਬੀ ਸ਼ਾਮਲ ਹਨ । ਦੱਸ ਦੇਈਏ ਕਿ ਮੇਸੀਵਾਲਾ 2013 ਤੋਂ ਕੈਲੀਫੋਰਨੀਆ ਯੂਨੀਵਰਸਿਟੀ, ਡੇਵਿਸ ਸਕੂਲ ਆਫ਼ ਲਾਅ ਵਿੱਚ ਸਹਾਇਕ ਪ੍ਰੋਫੈਸਰ ਅਤੇ 2004 ਤੋਂ 2017 ਤੱਕ ਅਪੀਲ ਦੀ ਤੀਜੀ ਜ਼ਿਲ੍ਹਾ ਅਦਾਲਤ ਵਿੱਚ ਇੱਕ ਨਿਆਂਇਕ ਅਟਾਰਨੀ ਸਨ। ਉਨ੍ਹਾਂ ਨੇ 1999 ਤੋਂ 2004 ਤੱਕ ਸੈਂਟਰਲ ਕੈਲੀਫੋਰਨੀਆ ਐਪੀਲੇਟ ਪ੍ਰੋਗਰਾਮ ਵਿੱਚ ਇੱਕ ਸਟਾਫ ਅਟਾਰਨੀ ਵਜੋਂ ਅਤੇ 1999 ਵਿੱਚ ਕੈਲੀਫੋਰਨੀਆ ਦੇ ਪੂਰਬੀ ਜ਼ਿਲ੍ਹੇ ਦੇ ਫੈਡਰਲ ਪਬਲਿਕ ਡਿਫੈਂਡਰ ਦੇ ਦਫਤਰ ਵਿੱਚ ਇੱਕ ਅਟਾਰਨੀ ਵਜੋਂ ਵੀ ਕੰਮ ਕੀਤਾ ਹੈ।