ਸੰਤ ਸੀਚੇਵਾਲ ਨੇ ਭਾਰਤੀ ਦੂਤਾਵਾਸ ਕੋਲ ਮਨੀਲਾ ਜੇਲ੍ਹ 'ਚ ਬੰਦ ਪੰਜਾਬੀ ਦਾ ਮਾਮਲਾ ਚੁੱਕਿਆ

ਮਨੀਲਾ, 02 ਮਾਰਚ : ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਨੀਲਾ ਵਿੱਚ ਭਾਰਤੀ ਦੂਤਾਵਾਸ ਵਿੱਚ ਰਾਜਦੂਤ ਸ਼ੰਭੂ ਐਸ.ਕੁਮਾਰਨ ਨਾਲ ਮੀਟਿੰਗ ਕਰਕੇ ਜੇਲ੍ਹ ਵਿੱਚ ਬੰਦ ਚਾਰ ਸਾਲਾਂ ਤੋਂ ਬਲਦੇਵ ਸਿੰਘ ਦਾ ਮਸਲਾ ਗੰਭੀਰਤਾ ਨਾਲ ਉਠਾਇਆ। ਭਾਰਤੀ ਦੂਤਾਵਾਸ ਵਿੱਚ ਰਾਜਦੂਤ ਨਾਲ 45 ਮਿੰਟਾਂ ਤੱਕ ਚੱਲੀ ਮੀਟਿੰਗ ਦੌਰਾਨ ਫਿਲੀਪਾਈਨ ਵਿੱਚ ਰਹਿੰਦੇ ਭਾਰਤੀਆਂ ਤੇ ਖ਼ਾਸ ਕਰਕੇ ਪੰਜਾਬੀਆਂ ਨੂੰ ਆਉਂਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਦਾ ਵੀ ਮੁੱਦਾ ਉਠਾਇਆ। ਸੰਤ ਸੀਚੇਵਾਲ ਨੇ ਭਾਰਤੀ ਰਾਜਦੂਤ ਸ਼ੰਭੂ ਐਸ.ਕੁਮਾਰਨ ਨੂੰ ਦੱਸਿਆ ਕਿ ਸੁਲਤਾਨਪੁਰ ਲੋਧੀ ਤੋਂ ਬਲਦੇਵ ਸਿੰਘ ਨਾਂਅ ਦਾ ਵਿਅਕਤੀ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਫਿਲੀਪਾਈਨ ਦੀ ਜੇਲ੍ਹ ਵਿੱਚ ਬੰਦ ਹੈ ਜਦ ਕਿ ਅਪਰਾਧ ਕਿਸੇ ਹੋਰ ਬਲਦੇਵ ਸਿੰਘ ਨਾਂਅ ਦੇ ਵਿਅਕਤੀ ਨੇ ਕੀਤਾ ਸੀ। ਉਸਦਾ ਨਾਮ ਰਲਦਾ ਹੋਣ ਕਾਰਨ ਤੇ ਪੀੜਤ ਨੂੰ ਉਥੋਂ ਦੀ ਭਾਸ਼ਾ ਨਾ ਆਉਣ ਕਾਰਨ ਉਹ ਜੇਲ੍ਹ ਵਿੱਚ ਸਜ਼ਾ ਭੁਗਤ ਰਿਹਾ ਹੈ ਜਿਸ ਕਾਰਨ ਉਹ ਪਿਛਲੇ ਲੰਬੇ ਸਮੇਂ ਤੋਂ ਮਾਨਸਿਕ ਪੀੜਾਂ ਵੀ ਝੱਲ ਰਿਹਾ ਹੈ ਤੇ ਉਸ ਦੇ ਪਰਿਵਾਰਕ ਮੈਂਬਰ ਪ੍ਰੇਸ਼ਾਨ ਹਨ। ਸੰਤ ਸੀਚੇਵਾਲ ਨੇ ਨਾਲ ਹੀ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਝੱਲਲੇਈ ਵਾਲੇ ਦੇ ਫਿਲਪਾਈਨ ਵਿਚ ਫਸੇ ਇੱਕ ਨੌਜਵਾਨ ਦਾ ਮੁੱਦਾ ਵੀ ਰੱਖਿਆ। ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦਿਆ ਹੋਇਆ ਰਾਜਦੂਤ ਨੇ ਭਰੋਸਾ ਦਿੱਤਾ ਕਿ ਉਹ ਪਹਿਲ ਦੇ ਅਧਾਰ ‘ਤੇ ਬਲਦੇਵ ਸਿੰਘ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਵਾਉਣ ਦਾ ਯਤਨ ਕਰਨਗੇ ਤੇ ਝੱਲਲੇਈ ਵਾਲੇ ਨੌਜਵਾਨ ਦਾ ਮਸਲਾ ਵੀ ਜਲਦ ਹੱਲ ਕਰਵਾਉਣਗੇ। ਸੰਤ ਸੀਚੇਵਾਲ ਨੇ ਪਰਵਾਸੀ ਪੰਜਾਬੀਆਂ ਨੂੰ ਪਾਸਪੋਰਟ ਸੰਬੰਧੀ ਆਉਂਦੀਆਂ ਮੁਸ਼ਕਿਲਾਂ ਦਾ ਮੁੱਦਾ ਚੁੱਕਦਿਆ ਰਾਜਦੂਤ ਨੂੰ ਜਾਣੂ ਕਰਵਾਇਆ ਕਿ ਬਹੁਤ ਸਾਰੇ ਭਾਰਤੀ ਫਿਲੀਪਾਈਨ ਵਿੱਚ ਡਰਦੇ ਹੀ ਐਬੰਸੀ ਤੱਕ ਪਹੁੰਚ ਨਹੀਂ ਕਰਦੇ। ਇਸ ਮਸਲੇ ਦੇ ਹੱਲ ਤੇ ਸੰਤ ਸੀਚੇਵਾਲ ਨੇ ਦੱਸਿਆ ਕਿ ਸ਼ੰਭੂ.ਐਸ ਕੁਮਾਰਨ ਨੇ ਭਰੋਸਾ ਦਿੱਤਾ ਕਿ ਉਹ ਪਾਸਪੋਰਟ ਦੇ ਮਸਲੇ ਹੱਲ ਕਰਵਾਉਣ ਲਈ ਗੁਰਦੁਆਰਾ ਸਾਹਿਬ ਵਿੱਚ ਕੈਂਪ ਲਗਾਉਣ ਲਈ ਤਿਆਰ ਹਨ ਤਾਂ ਜੋ ਭਾਰਤੀ ਬਿਨ੍ਹਾਂ ਕਿਸੇ ਡਰ ਦੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਸਕਣ।