ਰੂਸ ਨੇ ਫਿਰ ਯੂਕਰੇਨ 'ਤੇ 33 ਮਿਜ਼ਾਈਲਾਂ ਦਾਗੀਆਂ, 2 ਲੋਕਾਂ ਦੀ ਮੌਤ, 60 ਜ਼ਖ਼ਮੀ

ਕੀਵ, 15 ਜਨਵਰੀ : ਰੂਸ ਨੇ ਇਕ ਵਾਰ ਫਿਰ ਯੂਕਰੇਨ 'ਤੇ 33 ਮਿਜ਼ਾਈਲਾਂ ਦਾਗੀਆਂ। ਯੂਕਰੇਨ ਦੇ ਸ਼ਹਿਰ ਡਨੀਪਰੋ ਵਿੱਚ ਇੱਕ ਨੌਂ ਮੰਜ਼ਿਲਾ ਇਮਾਰਤ ਵਿੱਚ ਇੱਕ ਮਿਜ਼ਾਈਲ ਡਿੱਗਣ ਨਾਲ 12 ਲੋਕਾਂ ਦੀ ਮੌਤ ਹੋ ਗਈ ਅਤੇ 60 ਜ਼ਖ਼ਮੀ ਹੋ ਗਏ। ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦੇ ਉਪ ਮੁਖੀ ਕਿਰਿਲੋ ਟਿਮੋਸ਼ੇਨਕੋ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ। ਹਮਲੇ ਤੋਂ ਬਾਅਦ ਬਚਾਅ ਦਲ ਨੇ ਇਮਾਰਤ 'ਚੋਂ 37 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇੱਥੇ ਦੱਸ ਦੇਈਏ ਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਹਮਲੇ ਤੋਂ ਪਹਿਲਾਂ 33 ਵਿੱਚੋਂ 21 ਰੂਸੀ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਯੂਕਰੇਨ ਦੇ ਊਰਜਾ ਮੰਤਰੀ ਜਰਮਨ ਗਾਲੁਸ਼ਚੇਂਕੋ ਨੇ ਕਿਹਾ ਕਿ ਰੂਸ ਨੇ ਯੂਕਰੇਨ ਦੇ ਪਾਵਰ ਗਰਿੱਡ 'ਤੇ ਹਮਲਾ ਕੀਤਾ ਹੈ। ਇਸ ਕਾਰਨ ਦੇਸ਼ ਦੇ ਵੱਡੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਹੋ ਗਈ। ਹਸਪਤਾਲਾਂ ਅਤੇ ਰਿਹਾਇਸ਼ੀ ਇਮਾਰਤਾਂ ਵਿੱਚ ਵੀ ਬਿਜਲੀ ਬੰਦ ਹੋ ਗਈ। ਜ਼ਿਆਦਾਤਰ ਖੇਤਰਾਂ ਵਿੱਚ ਐਮਰਜੈਂਸੀ ਬਲੈਕਆਊਟ ਲਾਗੂ ਹੈ। ਦੱਸਣਯੋਗ ਹੈ ਕਿ ਰੂਸ ਨੇ 29 ਦਸੰਬਰ ਨੂੰ ਸਮੁੰਦਰ ਅਤੇ ਅਸਮਾਨ ਤੋਂ 120 ਮਿਜ਼ਾਈਲਾਂ ਦਾਗੀਆਂ ਸਨ ਜੋ ਕਿ ਯੁੱਧ ਸ਼ੁਰੂ ਹੋਣ ਤੋਂ ਬਾਅਦ ਯੂਕਰੇਨ 'ਤੇ ਸਭ ਤੋਂ ਵੱਡਾ ਹਮਲਾ। ਇਹ ਹਮਲੇ ਰਾਜਧਾਨੀ ਕੀਵ ਸਮੇਤ 7 ਸ਼ਹਿਰਾਂ 'ਤੇ ਕੀਤੇ ਗਏ। ਇਨ੍ਹਾਂ 'ਚ 14 ਸਾਲਾ ਲੜਕੀ ਸਮੇਤ 3 ਲੋਕ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ 15 ਨਵੰਬਰ ਨੂੰ ਰੂਸ ਨੇ ਯੂਕਰੇਨ 'ਤੇ 100 ਮਿਜ਼ਾਈਲਾਂ ਦਾਗੀਆਂ ਸਨ। ਇਨ੍ਹਾਂ ਵਿੱਚੋਂ ਦੋ ਪੋਲੈਂਡ ਵਿੱਚ ਡਿੱਗੇ। ਫਿਰ ਕੀਵ ਦੇ ਮੇਅਰ ਨੇ ਲੋਕਾਂ ਨੂੰ ਬੰਕਰਾਂ ਵਿੱਚ ਰਹਿਣ ਲਈ ਕਿਹਾ। ਇੱਥੇ ਦੱਸ ਦੇਈਏ ਕਿ ਅਮਰੀਕਾ ਦੇ ਨਿਊਯਾਰਕ 'ਚ ਸ਼ਨੀਵਾਰ ਨੂੰ ਯੂਕਰੇਨ 'ਤੇ ਹੋਏ ਹਵਾਈ ਹਮਲੇ ਦੇ ਖਿਲਾਫ ਲੋਕਾਂ ਨੇ ਸੜਕਾਂ 'ਤੇ ਪ੍ਰਦਰਸ਼ਨ ਕੀਤਾ। ਲੋਕਾਂ ਨੇ ਹਵਾਈ ਹਮਲਿਆਂ ਵਿੱਚ ਨਾਗਰਿਕਾਂ ਦੇ ਮਾਰੇ ਜਾਣ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਵਿਸ਼ਵ ਨੇਤਾਵਾਂ ਨੂੰ ਯੂਕਰੇਨ ਦੇ ਸਮਰਥਨ ਵਿੱਚ ਅੱਗੇ ਆਉਣ ਦੀ ਅਪੀਲ ਵੀ ਕੀਤੀ।