ਮਿਸੀਸਾਗਾ 'ਚ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਇਕ ਪੰਜਾਬੀ ਨੌਜਵਾਨ ਦੀ ਮੌਤ

ਮਿਸੀਸਾਗਾ, 21 ਦਸੰਬਰ : ਪੰਜਾਬ ਤੋਂ ਪਿਛਲੇ ਮਹੀਨੇ ਕੈਨੇਡਾ ਪਹੁੰਚੇ ਇਕ 30 ਸਾਲਾ ਪੰਜਾਬੀ ਨੌਜਵਾਨ ਦੀ ਮਿਸੀਸਾਗਾ ਵਿੱਚ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਪੀਲ ਖੇਤਰੀ ਪੁਲਿਸ ਨੇ ਕਿਹਾ ਕਿ ਕੋਰਟਨੀਪਾਰਕ ਡਰਾਈਵ ਅਤੇ ਐਡਵਰਡਸ ਬੁਲੇਵਾਰਡ ਵਿੱਚ 13 ਦਸੰਬਰ ਦੀ ਸਵੇਰੇ 7 ਵਜੇ ਤੋਂ ਪਹਿਲਾਂ ਹੋਏ ਹਾਦਸੇ ਵਿੱਚ ਮਨਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਮ੍ਰਿਤਕ ਮਨਪ੍ਰੀਤ ਸਿੰਘ ਪੰਜਾਬ ਦੇ ਫਰੀਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਮਨਪ੍ਰੀਤ ਮਿਸਿਸਾਗਾ ਦੀ ਇਕ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਸਵੇਰੇ ਕੰਮ ਲਈ ਨਿਕਲ ਗਿਆ ਸੀ। ਮਨਪ੍ਰੀਤ ਦੇ ਦੋਸਤ ਬਲਵਿੰਦਰ ਸਿੰਘ ਨੇ ਕੈਨੇਡਾ ਦੇ ਓਮਨੀ ਨਿਊਜ ਨੂੰ ਦੱਸਿਆ ਕਿ ਸਵੇਰੇ ਕਰੀਬ 6.47 ਵਜੇ ਉਸਦਾ ਐਕਸੀਡੈਂਟ ਹੋਇਆ। ਉਹ ਬਸ ਤੋਂ ਉਤਰ ਕੇ ਪੈਦਲ ਜਾ ਰਿਹਾ ਸੀ ਕਿ ਉਸ ਸਮੇਂ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਬਲਵਿੰਦਰ ਨੇ ਕਿਹਾ ਕਿ ਉਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਮਨਪ੍ਰੀਤ ਦੀ ਲਾਸ਼ ਨੂੰ ਅੰਤਿਮ ਸਸਕਾਰ ਲਈ ਭਾਰਤ ਲਿਆਉਣ ਵਾਸਤੇ ਇਕ ਗੋ ਫੰਡ ਮੀ ਪੇਜ ਬਣਾਇਆ ਗਿਆ ਹੈ।