ਮਨੀਲਾ ਵਿੱਚ ਫਾਈਨਾਂਸ ਦਾ ਕੰਮ ਕਰਨ ਵਾਲੇ ਪੰਜਾਬੀ ਜੋੜੇ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਮਨੀਲਾ, 28 ਮਾਰਚ : ਫਿਲੀਪੀਨਜ਼ ਦੇ ਮਨੀਲਾ ਵਿੱਚ ਫਾਈਨਾਂਸ ਦਾ ਕੰਮ ਕਰਨ ਵਾਲੇ ਜਲੰਧਰ ਦੇ ਜੋੜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਵੇਂ ਗੁਰਾਇਆ ਕਸਬੇ ਦੇ ਵਸਨੀਕ ਸਨ। 25 ਤਰੀਕ ਦੀ ਰਾਤ ਕਰੀਬ 10 ਵਜੇ ਮਨੀਲਾ ਦੇ ਸ਼ਿਰਬੋ ਸਿਟੀ, ਦਾਨੌਜ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਪੰਜਾਬੀ ਜੋੜੇ ਦੀ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦੀ ਇੱਕ CCTV ਫੁਟੇਜ ਵੀ ਸਾਹਮਣੇ ਆਈ ਹੈ। ਕਾਤਲ ਰਾਤ ਕਰੀਬ 10 ਵਜੇ ਮਨੀਲਾ ਦੇ ਸ਼ਿਰਬੋ ਸਿਟੀ, ਦਾਨੌਜ ਵਿੱਚ ਸੁਖਵਿੰਦਰ ਸਿੰਘ ਦੇ ਘਰ ਵਿੱਚ ਦਾਖਲ ਹੋਏ। ਉਸ ਨੇ ਪਹਿਲਾਂ ਘਰ ਦੇ ਬਾਹਰ ਬੈਠੇ ਸੁਖਵਿੰਦਰ ਸਿੰਘ ਉਰਫ ਬਿੰਦਾ (41) ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਕਾਤਲ ਘਰ ਦੇ ਅੰਦਰ ਵੜ ਗਿਆ। ਉਸ ਨੇ ਸੁਖਵਿੰਦਰ ਦੀ ਪਤਨੀ ਕਿਰਨਦੀਪ ਕੌਰ ਨੂੰ ਵੀ ਗੋਲੀ ਮਾਰ ਦਿੱਤੀ, ਜੋ ਘਰ ‘ਚ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਕਮਰੇ ‘ਚੋਂ ਬਾਹਰ ਆ ਰਹੀ ਸੀ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੁਖਵਿੰਦਰ ਸਿੰਘ ਕਰੀਬ 19-20 ਸਾਲਾਂ ਤੋਂ ਮਨੀਲਾ ਦੇ ਸ਼ਿਰੋਬੋ ਸ਼ਹਿਰ ਵਿੱਚ ਰਹਿ ਰਿਹਾ ਸੀ। ਉਹ ਭਰਾ ਲਖਬੀਰ ਸਿੰਘ ਨਾਲ ਫਾਈਨਾਂਸ ਦਾ ਕੰਮ ਕਰਦਾ ਸੀ। ਕਿਰਨਦੀਪ ਕੌਰ ਦੇ ਪਿਤਾ ਨੰਬਰਦਾਰ ਗੁਰਦਾਵਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੇ ਵਿਆਹ ਨੂੰ 3 ਸਾਲ ਹੋ ਗਏ ਸਨ। ਉਹ 5 ਮਹੀਨੇ ਪਹਿਲਾਂ ਹੀ ਆਪਣੇ ਪਤੀ ਸੁਖਵਿੰਦਰ ਸਿੰਘ ਬਿੰਦਾ ਨਾਲ ਮਨੀਲਾ ਗਈ ਸੀ। ਮ੍ਰਿਤਕ ਦੇ ਭਰਾ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਆਪਣੇ ਪਿੰਡ ਪਰਤਿਆ ਸੀ ਅਤੇ ਦੋ ਦਿਨ ਬਾਅਦ ਉਸ ਨੂੰ ਖ਼ਬਰ ਮਿਲੀ ਕਿ ਉਸ ਦੇ ਭਰਾ ਸੁਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਲਖਬੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 2 ਮਹੀਨਿਆਂ ਤੋਂ ਗੁਰਾਇਆ ਵਿਖੇ ਆਇਆ ਹੋਇਆ ਹੈ ਅਤੇ ਪਿੱਛੇ ਤੋਂ ਉਸ ਦੇ ਭਰਾ ਅਤੇ ਭਰਜਾਈ ਦਾ ਸ਼ਰਾਰਤੀ ਅਨਸਰਾਂ ਨੇ ਕਤਲ ਕਰ ਦਿੱਤਾ।  ਰਿਸ਼ਤੇਦਾਰਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਥੋਂ ਦੀ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ ਅਤੇ ਕਾਤਲਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।