ਕੈਨੇਡਾ 'ਚ  ਉੱਘੀ ਪੰਜਾਬਣ ਚਿੱਤਰਕਾਰ ਸਿਮਰਨਪ੍ਰੀਤ ਕੌਰ ਆਨੰਦ ਨੂੰ ਸਰਬੋਤਮ ਸਨਮਾਨ ਫਿਲਪ ਬੀ ਲਿੰਡ ਅਮੈਰਜਿੰਗ ਆਰਟਿਸਟ ਐਵਾਰਡ ਨਾਲ ਨਿਵਾਜਿਆ  

ਵੈਨਕੂਵਰ, 03 ਫਰਵਰੀ : ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਕਲਾਕਾਰਾਂ ਤੇ ਚਿੱਤਰਕਾਰਾ ਦੀ ਹੌਂਸਲਾ ਅਫ਼ਜ਼ਾਈ ਕਰਨ ਵਾਲੀ ਵੈਨਕੂਵਰ ਦੀ ਪੌਲੀਗੌਨ ਗੈਲਰੀ ਵਲੋਂ ਉੱਘੀ ਪੰਜਾਬਣ ਚਿੱਤਰਕਾਰ ਸਿਮਰਨਪ੍ਰੀਤ ਕੌਰ ਆਨੰਦ ਨੂੰ ਚਿੱਤਰਕਾਰੀ ਦੇ ਖੇਤਰ ਵਿਚ ਦਿੱਤੇ ਜਾਂਦੇ ਸਰਬੋਤਮ ਸਨਮਾਨ ਫਿਲਪ ਬੀ ਲਿੰਡ ਅਮੈਰਜਿੰਗ ਆਰਟਿਸਟ ਐਵਾਰਡ ਦੇ ਕੇ ਨਿਵਾਜਿਆ ਗਿਆ ਹੈ। ਸਿਮਰਨਪ੍ਰੀਤ ਨੂੰ 10 ਹਜ਼ਾਰ ਡਾਲਰ ਭਾਵ 6 ਲੱਖ ਰੁਪਏ ਨਕਦ ਦਿੱਤੇ ਗਏ ਹਨ ਤੇ ਗੈਲਰੀ ਨਾਲ ਪ੍ਰੋਜੈਕਟ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਸਨਮਾਨ ਲਈ ਸੂਬੇ ਭਰ ’ਚੋਂ 50 ਕਲਾਕਾਰਾਂ ਤੇ ਚਿੱਤਰਕਾਰਾਂ ਨੇ ਅਰਜ਼ੀ ਦਿੱਤੀ ਸੀ ਪਰ ਜਿਊਰੀ ਵਲੋਂ ਸਿਮਰਨਪ੍ਰੀਤ ਕੌਰ ਨੂੰ ਚੁਣਿਆ ਗਿਆ। ਪੌਲੀਗੌਨ ਗੈਲਰੀ ਵਲੋਂ ਹਰ ਸਾਲ ਫਿਲਮ ਜਾਂ ਵੀਡੀਓ ਵਿਚ ਵਧੀਆ ਕੰਮ ਕਰਨ ਵਾਲੇ ਕਲਾਕਾਰ ਤੇ ਫੋਟੋਗ੍ਰਾਫੀ ਲਈ 2 ਚਿੱਤਰਕਾਰਾਂ ਨੂੰ ਕ੍ਰਮਵਾਰ ਪਹਿਲਾ 10 ਹਜ਼ਾਰ ਤੇ ਦੂਸਰਾ 5 ਹਜ਼ਾਰ ਡਾਲਰ ਸਨਮਾਨ ਦਿੱਤਾ ਜਾਂਦਾ ਹੈ। ਸਿਮਰਨਪ੍ਰੀਤ ਕੌਰ ਆਨੰਦ ਨੇ ਵੈਨਕੂਵਰ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆਂ ਤੋਂ ਆਰਟ ਵਿਸ਼ੇ ਵਿਚ ਡਿਗਰੀ ਕੀਤੀ ਹੋਈ ਹੈ ਤੇ ਉਸ ਵਲੋਂ ਦਸਤਾਰ ਦੀ ਮਹੱਤਤਾ ਬਾਰੇ ਤਿਆਰ ਕੀਤੇ ਗਏ ਪ੍ਰੋਜੈਕਟ ਬਲਿਊ ਪਿੰਟਸ ਫਾਰ ਟਾਈਪਿੰਗ ਦਸਤਾਰ ਨੂੰ ਸਲਾਹਿਆ ਗਿਆ ਸੀ।