ਰਾਸ਼ਟਰਪਤੀ ਬਾਇਡਨ ਨੇ ਭਾਰਤਵੰਸ਼ੀ ਅਦਾਕਾਰਾ ਮਿੰਡੀ ਕਲਿੰਗ ਨੂੰ ਕੌਮੀ ਮਾਨਵਿਕੀ ਮੈਡਲ ਨਾਲ ਕੀਤਾ ਸਨਮਾਨਿਤ

ਵਾਸ਼ਿੰਗਟਨ (ਏਜੰਸੀ) : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤਵੰਸ਼ੀ ਅਦਾਕਾਰਾ ਤੇ ਲੇਖਿਕਾ ਮਿੰਡੀ ਕਲਿੰਗ ਨੂੰ ਅਮਰੀਕਾ ਦੇ ਨਾਮੀ ਕੌਮੀ ਮਾਨਵਿਕੀ ਮੈਡਲ ਨਾਲ ਸਨਮਾਨਿਤ ਕੀਤਾ ਹੈ। ਵ੍ਹਾਈਟ ਹਾਊਸ ’ਚ ਕਰਵਾਏ ਪ੍ਰੋਗਰਾਮ ’ਚ ਅਮਰੀਕਾ ’ਚ ਕਲਾ ਨੂੰ ਉਤਸ਼ਾਹਿਤ ਕਰਨ ਅਤੇ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ 43 ਸਾਲਾ ਭਾਰਤੀ-ਅਮਰੀਕੀ ਮਿੰਡੀ ਨੂੰ ਹੋਰਨਾਂ ਹਸਤੀਆਂ ਨਾਲ ਇਹ ਪੁਰਸਕਾਰ ਦਿੱਤਾ ਗਿਆ। ਅਮਰੀਕਾ ਸਰਕਾਰ ਵੱਲੋਂ ਦਿ ਨੈਸ਼ਨਲ ਮੈਡਲ ਆਫ ਆਰਟਸ ਕਲਾਕਾਰਾਂ, ਸਮੂਹਾਂ ਤੇ ਕਲਾ ਸਰਪ੍ਰਸਤਾਂ ਨੂੰ ਦਿੱਤਾ ਜਾਣ ਵਾਲਾ ਸਰਵਉੱਚ ਪੁਰਸਕਾਰ ਹੈ। ਇਹ ਸਨਮਾਨ ਅਜਿਹੇ ਵਿਅਕਤੀਆਂ ਜਾਂ ਸਮੂਹਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਅਮਰੀਕਾ ’ਚ ਆਪਣੀ ਕਲਾ ਦੀਆਂ ਪ੍ਰਾਪਤੀਆਂ ਨਾਲ ਲੋਕਾਂ ਨੂੰ ਪ੍ਰੇਰਿਤ ਕੀਤਾ ਹੋਵੇ। ਵ੍ਹਾਈਟ ਹਾਊਸ ’ਚ ਕਰਵਾਏ ਪ੍ਰੋਗਰਾਮ ’ਚ ਅਮਰੀਕਾ ਦੀ ਫਸਟ ਲੇਡੀ ਜਿਲ ਬਾਇਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ ਵੀ ਮੌਜੂਦ ਸਨ। ਇਸ ਮੌਕੇ ਬਾਇਡਨ ਨੇ ਕਿਹਾ ਕਿ ਮਿੰਡੀ ਨੇ ਆਪਣੀਆਂ ਕਹਾਣੀਆਂ ਨੂੰ ਇਮਾਨਦਾਰੀ ਨਾਲ ਪੇਸ਼ ਕਰ ਕੇ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤਵੰਸ਼ੀ ਨੀਤੀ ਨਿਰਮਾਤਾ ਦੇਸਾਈ ਬਿਸਵਾਲ ਨੂੰ ਅਮਰੀਕੀ ਅੰਤਰਰਾਸ਼ਟਰੀ ਡਿਵੈਲਪਮੈਂਟ ਫਾਈਨੈਂਸ ਕਾਰਪੋਰੇਸ਼ਨ ਦੀ ਉਪ ਮੁੱਖ ਕਾਰਜਕਾਰੀ ਅਧਿਕਾਰੀ ਨਾਮਜ਼ਦ ਕੀਤਾ ਹੈ। ਉਹ ਇਸ ਸਮੇਂ ਯੂਐੱਸ ਚੈਂਬਰ ਆਫ ਕਾਮਰਸ ’ਚ ਅਹਿਮ ਅਹੁਦੇ ’ਤੇ ਕੰਮ ਕਰ ਰਹੇ ਹਨ।