ਪੀਐਮ ਮੋਦੀ ਨੇ ਹੀਰੋਸ਼ੀਮਾ 'ਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਕੀਤਾ ਉਦਘਾਟਨ, ਦਿੱਤਾ ਸ਼ਾਂਤੀ ਦਾ ਸੰਦੇਸ਼

ਹੀਰੋਸ਼ੀਮਾ, 20 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਹੀਰੋਸ਼ੀਮਾ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ ਕੀਤੀ।ਇਸ ਦੌਰਾਨ ਦੋਹਾਂ ਨੇਤਾਵਾਂ ਵਿਚਾਲੇ ਬੈਠਕ ਹੋਈ, ਜਿਸ 'ਚ ਵਪਾਰ, ਆਰਥਿਕਤਾ ਅਤੇ ਸੱਭਿਆਚਾਰ ਸਮੇਤ ਵੱਖ-ਵੱਖ ਖੇਤਰਾਂ 'ਚ ਭਾਰਤ-ਜਾਪਾਨ ਸਬੰਧਾਂ 'ਤੇ ਚਰਚਾ ਕੀਤੀ ਗਈ। ਨਿਊਜ਼ ਏਜੰਸੀ ਏਐਨਆਈ ਮੁਤਾਬਕ, ਪੀਐਮ ਮੋਦੀ ਨੇ ਜੀ-7 ਦੇ ਸ਼ਾਨਦਾਰ ਸਮਾਗਮ ਲਈ ਪ੍ਰਧਾਨ ਮੰਤਰੀ ਕਿਸ਼ਿਦਾ ਨੂੰ ਵਧਾਈ ਦਿੱਤੀ। 19 ਮਈ ਨੂੰ ਪੀਐਮ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਤੋਂ ਪਹਿਲਾਂ ਹੀਰੋਸ਼ੀਮਾ ਪਹੁੰਚੇ ਸਨ। ਮੀਟਿੰਗ ਤੋਂ ਬਾਅਦ ਪੀਐਮ ਮੋਦੀ ਨੇ ਹੀਰੋਸ਼ੀਮਾ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਹੀਰੋਸ਼ੀਮਾ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਅਹਿੰਸਾ ਦੇ ਵਿਚਾਰ ਨੂੰ ਅੱਗੇ ਵਧਾਏਗੀ। ਮੈਨੂੰ ਖੁਸ਼ੀ ਹੈ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੂੰ ਦਿੱਤੇ ਬੋਧੀ ਰੁੱਖ ਦਾ ਤੋਹਫਾ ਹੀਰੋਸ਼ੀਮਾ ਵਿੱਚ ਲਗਾਇਆ ਗਿਆ ਹੈ ਤਾਂ ਜੋ ਲੋਕ ਇੱਥੇ ਆ ਕੇ ਸ਼ਾਂਤੀ ਦੀ ਮਹੱਤਤਾ ਨੂੰ ਸਮਝ ਸਕਣ। ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦੁਆਰਾ ਕੀਤੇ ਗਏ ਪ੍ਰਮਾਣੂ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਵੀ ਦੁਨੀਆ 'ਹੀਰੋਸ਼ੀਮਾ' ਸ਼ਬਦ ਸੁਣ ਕੇ ਡਰ ਜਾਂਦੀ ਹੈ, ਜਿਸ 'ਚ ਲਗਭਗ 140,000 ਲੋਕ ਮਾਰੇ ਗਏ ਸਨ।