ਰਨਵੇ ‘ਤੇ ਜਹਾਜ਼ ਟਰੱਕ ਨਾਲ ਟਕਰਾਇਆ, ਦੋ ਫਾਇਰ ਕਰਮੀਆਂ ਦੀ ਮੌਤ

ਪੇਰੂ : ਪੇਰੂ ਦੇ ਲੀਮਾ ਏਅਰਪੋਰਟ ਉਤੇ ਵੱਡਾ ਹਾਦਸਾ ਵਾਪਰ ਗਿਆ। ਇਥੇ ਰਨਵੇ ‘ਤੇ ਜਹਾਜ਼ ਟਰੱਕ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੱਕ ਦੇ ਪਰਖੱਚੇ ਉਡ ਗਏ ਤੇ ਪਲੇਨ ਵੀ ਨੁਕਸਾਨਿਆ ਗਿਆ। ਹਾਦਸੇ ਵਿੱਚ ਟਰੱਕ ਵਿੱਚ ਸਵਾਰ ਦੋ ਫਾਇਰ ਕਰਮੀਆਂ ਦੀ ਮੌਤ ਹੋ ਗਈ। ਸ਼ੁਕਰ ਹੈ ਕਿ ਜਹਾਜ਼ ਵਿਚ ਸਵਾਰ ਸਾਰੇ 102 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਇਸ ਖ਼ਤਰਨਾਕ ਘਟਨਾ ਦਾ ਇੱਕ ਖ਼ੌਫ਼ਨਾਕ ਵੀਡੀਓ ਵੀ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ LATAM ਏਅਰਲਾਈਨਜ਼ ਦਾ ਇੱਕ ਯਾਤਰੀ ਜਹਾਜ਼ ਲੀਮਾ ਏਅਰਪੋਰਟ ‘ਤੇ ਟੇਕ-ਆਫ ਲਈ ਰਨਵੇਅ ‘ਤੇ ਸੀ। ਜਹਾਜ਼ ਉਡਾਣ ਭਰਨ ਹੀ ਵਾਲਾ ਸੀ ਕਿ ਉਲਟ ਦਿਸ਼ਾ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਵਾਈ ਅੱਡੇ ‘ਤੇ ਉਡਾਣਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ ਅਤੇ ਏਅਰਬੱਸ A320neo ਦੇ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੀ ਦੇਖਭਾਲ ਕੀਤੀ ਜਾ ਰਹੀ ਹੈ। LATAM ਏਅਰਲਾਈਨਜ਼ ਦੇ ਜਹਾਜ਼ ਨੂੰ ਟਰੱਕ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ। ਹਾਲਾਂਕਿ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਦੂਜੇ ਪਾਸੇ ਫਾਇਰ ਡਿਪਾਰਟਮੈਂਟ ਦੇ ਜਨਰਲ ਕਮਾਂਡਰ ਲੁਈਸ ਪੋਂਸ ਨੇ ਕਿਹਾ ਹੈ ਕਿ ਦੋ ਫਾਇਰ ਫਾਈਟਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖਮੀ ਹੈ। ਹਾਦਸੇ ਦੇ ਸਮੇਂ ਜਹਾਜ਼ ਅਤੇ ਟਰੱਕ ਦੋਵੇਂ ਤੇਜ਼ ਰਫਤਾਰ ‘ਚ ਸਨ।