ਕਰਾਚੀ, 12 ਮਈ : ਗੁਆਂਢੀ ਮੁਲਕ ਪਾਕਿਸਤਾਨ ਨੇ ਭਾਰਤ ਦੇ 500 ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇੰਨ੍ਹਾਂ ਕੈਦੀਆਂ ਵਿੱਚ 499 ਮਛੇਰੇ ਹਨ, ਜਿੰਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ। ਜੇਲ੍ਹਾਂ ਵਿੱਚੋਂ ਭਾਰਤੀ ਕੈਦੀਆਂ ਨੂੰ ਪੜਾਅ ਵਾਰ ਰਿਹਾਅ ਕੀਤਾ ਜਾਵੇਗਾ। ਮਲਿਰ ਜਿਲ੍ਹਾ ਜੇਲ੍ਹ ‘ਚੋ 200 ਕੈਦੀਆਂ ਦੇ ਪਹਿਲੇ ਜੱਥੇ ਨੂੰ ਰਿਹਾਅ ਕੀਤਾ ਗਿਆ ਅਤੇ ਲਾਹੌਰ ਭੇਜ ਦਿੱਤਾ ਗਿਆ ਹੈ। ਜਿੰਨ੍ਹਾਂ ਨੂੰ ਸ਼ੁੱਕਰਵਾਰ ਨੂੰ ਵਾਹਗਾ ਬਾਰਡਰ ਤੇ ਭਾਰਤੀ ਅਧਿਕਾਰੀਆਂ ਨੁੰ ਸੌਂਪ ਦਿੱਤਾ ਜਾਵੇਗਾ। ਇਸ ਤੋਂ ਬਾਅਦ 200 ਕੈਦੀਆਂ ਨੂੰ 2 ਜੂਨ ਨੂੰ ਦੂਸਰੇ ਜੱਥੇ ਦੇ ਰੂਪ ਵਿੱਚ ਕਰਾਚੀ ਜੇਲ੍ਹ ‘ਚੋ ਰਿਹਾਅ ਕੀਤਾ ਜਾਵੇਗਾ। ਏਆਰਵਾਈ ਨਿਊਜ਼ ਨੇ ਦਸਿਆ ਕਿ 100 ਭਾਰਤੀ ਕੈਦੀਆਂ ਦੇ ਤੀਜੇ ਬੈਚ ਨੂੰ 3 ਜੁਲਾਈ ਨੂੰ ਰਿਹਾਅ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਦੇਸ਼ ਵਾਪਸ ਭੇਜਿਆ ਜਾਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਅਤੇ ਭਾਰਤ ਸਮੁੰਦਰੀ ਸੀਮਾ ਦੀ ਉਲੰਘਣਾ ਕਰਨ 'ਤੇ ਇਕ-ਦੂਜੇ ਦੇ ਮਛੇਰਿਆਂ ਨੂੰ ਨਿਯਮਿਤ ਤੌਰ 'ਤੇ ਗ੍ਰਿਫ਼ਤਾਰ ਕਰਕੇ ਜੇਲ ਭੇਜਦੇ ਹਨ।