ਪਾਕਿਸਤਾਨ ਨੇ ਈਰਾਨ 'ਚ ਅੱਤਵਾਦੀ ਟਿਕਾਣਿਆਂ 'ਤੇ ਕੀਤਾ ਹਮਲਾ, ਮਿਜ਼ਾਈਲ ਹਮਲੇ 'ਚ 7 ਦੀ ਮੌਤ

ਈਰਾਨ, 18 ਜਨਵਰੀ : ਈਰਾਨ 'ਤੇ ਪਾਕਿਸਤਾਨ ਦੇ ਹਮਲੇ. ਕੁਝ ਦਿਨ ਪਹਿਲਾਂ ਈਰਾਨ ਨੇ ਪਾਕਿਸਤਾਨ 'ਚ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਹੁਣ ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਈਰਾਨ 'ਚ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕੀਤਾ ਹੈ। ਪਾਕਿਸਤਾਨ ਦੇ ਮਿਜ਼ਾਈਲ ਹਮਲੇ ਦੀ ਜਾਣਕਾਰੀ ਦਿੰਦੇ ਹੋਏ ਈਰਾਨ ਨੇ ਕਿਹਾ ਕਿ ਇਸ ਹਵਾਈ ਹਮਲੇ 'ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ। ਈਰਾਨ ਦੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਵਾਈ ਹਮਲੇ ਵਿੱਚ ਤਿੰਨ ਔਰਤਾਂ ਅਤੇ ਚਾਰ ਬੱਚਿਆਂ ਦੀ ਮੌਤ ਹੋ ਗਈ। ਇਹ ਮਿਜ਼ਾਈਲ ਹਮਲਾ ਈਰਾਨ ਦੇ ਸਿਸਤਾਨ ਬਲੂਚਿਸਤਾਨ ਸੂਬੇ ਦੇ ਇੱਕ ਸਰਹੱਦੀ ਪਿੰਡ 'ਤੇ ਹੋਇਆ। ਪਾਕਿਸਤਾਨ ਦਾ ਦਾਅਵਾ ਹੈ ਕਿ ਈਰਾਨ ਸਥਿਤ ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਵਰਗੇ ਬਲੋਚ ਵੱਖਵਾਦੀ ਅੱਤਵਾਦੀ ਲਗਾਤਾਰ ਪਾਕਿਸਤਾਨ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਈਰਾਨ ਇਨ੍ਹਾਂ ਸੰਗਠਨਾਂ ਨੂੰ ਪਨਾਹ ਦਿੰਦਾ ਹੈ। ਹਾਲਾਂਕਿ ਈਰਾਨ ਨੇ ਪਾਕਿਸਤਾਨ ਦੇ ਦਾਅਵਿਆਂ ਤੋਂ ਇਨਕਾਰ ਕੀਤਾ ਹੈ।