ਜਕਾਰਤਾ ਵਿੱਚ ਤੇਲ ਡਿਪੂ  ਨੂੰ ਲੱਗੀ ਅੱਗ, 16 ਦੀ ਮੌਤ, ਇੱਕ ਬੱਚੇ ਸਮੇਤ 50 ਲੋਕ ਝੁਲਸੇ

ਜਕਾਰਤਾ, 04 ਮਾਰਚ : ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਸਰਕਾਰੀ ਊਰਜਾ ਕੰਪਨੀ ਪਰਟਾਮਿਨਾ ਦੁਆਰਾ ਚਲਾਏ ਜਾ ਰਹੇ ਇੱਕ ਤੇਲ ਡਿਪੂ ਵਿੱਚ ਸ਼ੁੱਕਰਵਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਅੱਗ 'ਚ ਇਕ ਬੱਚੇ ਸਮੇਤ 50 ਲੋਕਾਂ ਦੇ ਝੁਲਸਣ ਦੀ ਸੂਚਨਾ ਸਾਹਮਣੇ ਆ ਰਹੀ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ  ਸਥਾਨਕ ਲੋਕਾਂ ਨੇ ਵੀ ਅੱਗ ਵਿੱਚ ਫਸੇ ਕਈ ਲੋਕਾਂ ਦੀ ਜਾਨ ਬਚਾਈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਰਾਤ ਕਰੀਬ 8 ਵਜੇ ਵਾਪਰਿਆ। ਫਿਊਲ ਸਟੇਸ਼ਨ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਸੀ। ਇਸ ਕਾਰਨ ਆਸ-ਪਾਸ ਦੇ ਕੁਝ ਘਰਾਂ ਨੂੰ ਵੀ ਅੱਗ ਲੱਗ ਗਈ। ਜਕਾਰਤਾ ਦੇ ਕਾਰਜਕਾਰੀ ਗਵਰਨਰ ਹੇਰੂ ਬੁਡੀ ਹਾਰਟੋਨੋ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦੇ ਇਲਾਜ ਦਾ ਖਰਚਾ ਸਰਕਾਰ ਚੁੱਕੇਗੀ। ਜਾਣਕਾਰੀ ਅਨੁਸਾਰ, ਸਰਕਾਰੀ ਤੇਲ ਤੇ ਗੈਸ ਕੰਪਨੀ ਪਰਟਾਮਿਨਾ ਦੁਆਰਾ ਸੰਚਾਲਿਤ ਬਾਲਣ ਸਟੋਰੇਜ ਸਟੇਸ਼ਨ, ਉੱਤਰੀ ਜਕਾਰਤਾ ਦੇ ਤਾਨਾਹ ਮੇਰਾਹ ਇਲਾਕੇ 'ਚ ਸੰਘਣੀ ਆਬਾਦੀ ਵਾਲੇ ਖੇਤਰ ਦੇ ਨੇੜੇ ਹੈ। ਇਹ ਇੰਡੋਨੇਸ਼ੀਆ ਦੀਆਂ ਬਾਲਣ ਲੋੜਾਂ ਦਾ 25 ਪ੍ਰਤੀਸ਼ਤ ਸਪਲਾਈ ਕਰਦਾ ਹੈ। ਮੌਕੇ 'ਤੇ ਮੌਜੂਦ ਸੈਂਕੜੇ ਫਾਇਰ ਫਾਈਟਰਜ਼ ਅਧਿਕਾਰੀਆਂ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਘੱਟੋ-ਘੱਟ 180 ਫਾਇਰਫਾਈਟਰ ਤੇ 37 ਫਾਇਰ ਟੈਂਡਰ ਮੌਕੇ 'ਤੇ ਮੌਜੂਦ ਸਨ। ਸਥਾਨਕ ਟੀਵੀ ਚੈਨਲਾਂ 'ਤੇ ਦਿਖਾਏ ਗਏ ਘਟਨਾ ਦੇ ਵੀਡੀਓਜ਼ 'ਚ ਸੈਂਕੜੇ ਲੋਕ ਘਬਰਾ ਕੇ ਭੱਜਦੇ ਹੋਏ ਦਿਖਾਈ ਦਿੱਤੇ। ਇਸ ਦੇ ਨਾਲ ਹੀ ਪੂਰੇ ਅਸਮਾਨ 'ਚ ਕਾਲੇ ਧੂੰਏਂ ਅਤੇ ਅੱਗ ਦੇ ਸੰਘਣੇ ਗੁਬਾਰ ਦਿਖਾਈ ਦਿੱਤੇ। ਜਾਣਕਾਰੀ ਅਨੁਸਾਰ ਦਮਕਲ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾ ਲਿਆ। ਪੇਰਟਾਮਿਨਾ ਦੇ ਏਰੀਆ ਮੈਨੇਜਰ ਈਕੋ ਕ੍ਰਿਸਟੀਆਵਨ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਭਾਰੀ ਮੀਂਹ ਦੌਰਾਨ ਪਾਈਪਲਾਈਨ ਫਟਣ ਕਾਰਨ ਅੱਗ ਲੱਗੀ। ਅਧਿਕਾਰੀਆਂ ਨੇ ਕਿਹਾ ਕਿ ਅੱਗ ਨਾਲ ਦੇਸ਼ ਦੀ ਈਂਧਨ ਸਪਲਾਈ 'ਚ ਵਿਘਨ ਨਹੀਂ ਪਵੇਗਾ। ਜਕਾਰਤਾ ਦੇ ਅੱਗ ਤੇ ਬਚਾਅ ਵਿਭਾਗ ਦੇ ਮੁਖੀ ਸਤਰਿਆਦੀ ਗੁਨਵਾਨ ਨੇ ਕਿਹਾ ਕਿ ਰਿਹਾਇਸ਼ੀ ਖੇਤਰ 'ਚ ਰਹਿਣ ਵਾਲੇ ਲੋਕਾਂ ਨੂੰ ਅਜੇ ਵੀ ਕੱਢਿਆ ਜਾ ਰਿਹਾ ਹੈ ਤੇ ਨੇੜਲੇ ਪਿੰਡ ਦੇ ਹਾਲ ਤੇ ਇਕ ਮਸਜਿਦ 'ਚ ਲਿਜਾਇਆ ਜਾ ਰਿਹਾ ਹੈ। ਗੁਨਾਵਨ ਨੇ ਕਿਹਾ, "ਅੱਗ ਕਾਰਨ ਕਈ ਧਮਾਕੇ ਹੋਏ ਅਤੇ ਤੇਜ਼ੀ ਨਾਲ ਰਿਹਾਇਸ਼ੀ ਘਰਾਂ 'ਚ ਫੈਲ ਗਈ,।" ਫੌਜ ਮੁਖੀ ਜਨਰਲ ਡੁਡੰਗ ਅਬਦੁਰਚਮਨ, ਜਿਨ੍ਹਾਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ, ਨੇ ਕਿਹਾ ਕਿ ਘੱਟੋ-ਘੱਟ 16 ਲੋਕ ਮਾਰੇ ਗਏ ਹਨ ਅਤੇ 42 ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਦਕਿ ਕੁਝ ਗੰਭੀਰ ਰੂਪ ਨਾਲ ਝੁਲਸ ਗਏ ਹਨ।