ਨਿਊਜ਼ੀਲੈਂਡ 'ਚ ਨਬਾਲਗਾਂ ਦੇ ਸਿਗਰਟ ਖਰੀਦਣ ’ਤੇ ਲਗਾਈ ਪਾਬੰਦੀ, ਸਿਗਰੇਟ 'ਤੇ ਰੋਕ ਬਾਰੇ ਬਣਾਇਆ ਨਵਾਂ ਕਾਨੂੰਨ

ਵਿਲਿੰਗਟ (ਏਪੀ) : ਨਿਊਜ਼ੀਲੈਂਡ ਨੇ ਸਿਗਰਟ ’ਤੇ ਪਾਬੰਦੀ ਲਾਉਣ ਦੇ ਇਰਾਦੇ ਨਾਲ ਪਾਸ ਕੀਤੇ ਕਾਨੂੰਨ ਅਨੁਸਾਰ, ਜੇ ਕੋਈ ਨੌਜਵਾਨ ਸਿਗਰਟ ਖਰੀਦਦਾ ਹੈ ਤਾਂ ਉਸ ’ਤੇ ਜੀਵਨ ਭਰ ਦੀ ਪਾਬੰਦੀ ਲਾਉਣ ਦਾ ਫੈਸਲਾ ਲਿਆ ਗਿਆ ਹੈ। ਅਜਿਹੇ ਵਿਅਕਤੀ ਦਾ ਤੰਬਾਕੂ ਉਤਪਾਦ ਵੇਚਣ ’ਤੇ ਪਾਬੰਦੀ ਹੈ, ਜਿਸਦਾ ਜਨਮ 1 ਜਨਵਰੀ 2009 ਜਾਂ ਉਸ ਤੋਂ ਬਾਅਦ ਹੋਇਆ ਹੈ। ਸਰਕਾਰ ਇਸ ਕਦਮ ਰਾਹੀਂ ਦੇਸ਼ ਨੂੰ ‘ਸਿਗਰਟਨੋਸ਼ੀ ਮੁਕਤ’ ਕਰਨ ਦੇ ਟੀਚੇ ਨੂੰ ਧਿਆਨ ’ਚ ਰੱਖ ਕੇ ਚੱਲ ਰਹੀ ਹੈ। ਨਵੇਂ ਕਾਨੂੰਨ ਅਨੁਸਾਰ, ਤੰਬਾਕੂ ਵੇਚਣ ਲਈ ਇਜਾਜ਼ਤ ਪ੍ਰਾਪਤ ਪਰਚੂਨ ਵਿਕੇਤਾਵਾਂ ਦੀ ਗਿਣਤੀ ਵੀ 6000 ਤੋਂ ਘੱਟ ਕੇ 600 ਹੋ ਜਾਵੇਗੀ। ਇਸ ਦੇ ਨਾਲ ਹੀ ਸਿਗਰਟਨੋਸ਼ੀ ਵਾਲੇ ਤੰਬਾਕੂ ’ਚ ਨਿਕੋਟੀਨ ਦੀ ਮਾਤਰਾ ਘੱਟ ਜਾਵੇਗੀ। ਮੰਤਰੀ ਡਾ. ਆਇਸ਼ਾ ਵੇਰਾਲ ਨੇ ਸੰਸਦ ’ਚ ਕਿਹਾ, ‘ਅਜਿਹੇ ਉਤਪਾਦ ਜਿਨ੍ਹਾਂ ਨੂੰ ਵਰਤਣ ਵਾਲੇ ਲਗਪਗ ਅੱਧੇ ਲੋਕਾਂ ਦੀ ਜਾਨ ਚਲੀ ਜਾਵੇ, ਉਸ ਨੂੰ ਵੇਚਣ ਦੀ ਇਜਾਜ਼ਤ ਦੇਣ ਦੀ ਕੋਈ ਚੰਗੀ ਵਜ੍ਹਾ ਨਹੀਂ ਹੈ। ਨਵੇਂ ਬਿੱਲ ਨਾਲ ਕੈਂਸਰ, ਦਿਲ ਦਾ ਦੌਰਾ ਦੇ ਇਲਾਜ ਲਈ ਅਰਬਾਂ ਡਾਲਰ ਦੀ ਬਚਤ ਹੋਵੇਗੀ। ਸੰਸਦ ’ਚ 43 ਦੇ ਮੁਕਾਬਲੇ 76 ਵੋਟਾਂ ਨਾਲ ਇਹ ਬਿੱਲ ਪਾਸ ਹੋ ਗਿਆ।

ਨਿਊਜ਼ੀਲੈਂਡ ਦੀ ਪੀਐੱਮ ਨੇ ਵਿਰੋਧੀ ਨੇਤਾ ਨੂੰ ਕਹੇ ਅਪਸ਼ਬਦ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਆਪਣੇ ਇਕ ਸਿਆਸੀ ਵਿਰੋਧੀ ਨੂੰ ਸੰਸਦ ’ਚ ਚੱਲੀ ਗਰਮਾ-ਗਰਮ ਬਹਿਸ ਵਿਚਾਲੇ ਅਪਸ਼ਬਦਾਂ ਦੀ ਵਰਤੋਂ ਕਰ ਕੇ ਫਸ ਗਈ। ਜੈਸਿੰਡਾ ਅਰਡਰਨ ਸੰਸਦ ’ਚ ਲੰਬਾ ਭਾਸ਼ਣ ਦੇ ਕੇ ਬੈਠ ਰਹੀ ਸੀ ਕਿ ਉਦੋਂ ਹੀ ਉਨ੍ਹਾਂ ਨੇ ਆਪਣੇ ਵਿਰੋਧੀ ਨੇਤਾ ਨੂੰ ਅਪਸ਼ਬਦ ਕਹੇ ਤੇ ਉਨ੍ਹਾਂ ਦੀ ਇਹ ਗੱਲ ਉਥੇ ਸਟੈਂਡ ’ਚ ਲੱਗੇ ਮਾਈਕ ’ਚ ਰਿਕਾਰਡ ਹੋ ਗਈ। ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਪੀਐੱਮ ਦੀ ਕਾਫੀ ਆਲੋਚਨਾ ਵੀ ਹੋਈ। ਹਾਲਾਂਕਿ ਉਨ੍ਹਾਂ ਆਪਣੀ ਗਲਤੀ ਮੰਨੀ ਤੇ ਮਾਫੀ ਮੰਗ ਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ।