ਚੀਨ ’ਚ ਕੋਰੋਨਾ ਦੀ ਨਵੀਂ ਲਹਿਰ ਨੇ ਮਚਾਈ ਹਾਹਾਕਾਰ, ਇਕ ਦਿਨ ’ਚ 3.7 ਕਰੋੜ ਲੋਕ ਮਿਲੇ ਕੋਰੋਨਾ ਪਾਜ਼ੇਟਿਵ

ਬੀਜਿੰਗ, 25 ਦਸੰਬਰ : ਚੀਨ ’ਚ ਕੋਰੋਨਾ ਦੀ ਨਵੀਂ ਲਹਿਰ ਨੇ ਹਾਹਾਕਾਰ ਮਚਾ ਦਿਤੀ ਹੈ। ਲੰਬੇ ਸਮੇਂ ਤੋਂ ਚੱਲ ਰਹੀ ਜ਼ੀਰੋ ਕੋਵਿਡ ਨੀਤੀ ’ਚ ਜਦੋਂ ਤੋਂ ਚੀਨ ਨੇ ਢਿੱਲ ਦਿਤੀ ਹੈ, ਉਦੋਂ ਤੋਂ ਉਥੇ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸਾਰੇ ਵੱਡੇ ਸ਼ਹਿਰ ਕੋਰੋਨਾ ਦੀ ਲਪੇਟ ’ਚ ਹਨ ਅਤੇ ਲੋਕ ਹਸਪਤਾਲ ’ਚ ਬੈੱਡਾਂ ਨੂੰ ਤਰਸ ਰਹੇ ਹਨ। ਕੋਰੋਨਾ ਕਾਰਨ ਚੀਨ ਦੀ ਗਲੋਬਲ ਸਪਲਾਈ ਅਤੇ ਵਪਾਰ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਿਆ ਹੈ। ਇਸ ਦੀ ਅਰਥਵਿਵਸਥਾ ਦੀ ਵਿਕਾਸ ਦਰ 50 ਸਾਲਾਂ ’ਚ ਸੱਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਚੀਨ ’ਚ ਇਕ ਦਿਨ ’ਚ 3.7 ਕਰੋੜ ਕੋਰੋਨਾ ਮਾਮਲੇ ਸਾਹਮਣੇ ਆਏ ਹਨ।  ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੀ ਅੰਦਰੂਨੀ ਬੈਠਕ ’ਚ ਦਿਤੇ ਗਏ ਅੰਕੜਿਆਂ ਦੇ ਆਧਾਰ ’ਤੇ ਬਲੂਮਬਰਗ ਨੇ ਦਸਿਆ ਕਿ ਇਸ ਸਾਲ ਦਸੰਬਰ ਦੇ ਪਹਿਲੇ 20 ਦਿਨਾਂ ’ਚ ਚੀਨ ’ਚ 248 ਮਿਲੀਅਨ ਲੋਕਾਂ ਦੇ ਪਾਜ਼ੇਟਿਵ ਹੋਣ ਦਾ ਖ਼ਦਸ਼ਾ ਸੀ।