ਪੇਸ਼ਾਵਰ 'ਚ ਮਸਜਿਦ 'ਚ ਜ਼ਬਰਦਸਤ ਧਮਾਕਾ, 46 ਲੋਕਾਂ ਦੀ ਮੌਤ, 100 ਜ਼ਖਮੀ

ਪੇਸ਼ਾਵਰ, ਏਜੰਸੀ : ਪਾਕਿਸਤਾਨ ਦੇ ਪੇਸ਼ਾਵਰ 'ਚ ਪੁਲਿਸ ਲਾਈਨ ਮਸਜਿਦ 'ਚ ਜ਼ਬਰਦਸਤ ਧਮਾਕਾ ਹੋਇਆ ਹੈ। ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਇਹ ਧਮਾਕਾ ਪਾਕਿਸਤਾਨ ਦੇ ਪੇਸ਼ਾਵਰ ਦੇ ਪੁਲਸ ਲਾਈਨ ਇਲਾਕੇ 'ਚ ਸਥਿਤ ਇਕ ਮਸਜਿਦ 'ਚ ਨਮਾਜ਼ ਦੇ ਦੌਰਾਨ ਹੋਇਆ। ਜ਼ੁਹਰ ਦੀ ਨਮਾਜ਼ ਤੋਂ ਬਾਅਦ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ, ਜਿਸ ਨਾਲ 46 ਲੋਕ ਮਾਰੇ ਗਏ ਅਤੇ 100 ਜ਼ਖਮੀ ਹੋ ਗਏ। 

  • ਮਸਜਿਦ 'ਚ ਧਮਾਕਾ, 150 ਲੋਕ ਜ਼ਖਮੀ

ਪਾਕਿਸਤਾਨ ਦੇ ਅਖਬਾਰ ਡਾਨ ਮੁਤਾਬਕ ਧਮਾਕਾ ਸੋਮਵਾਰ ਦੁਪਹਿਰ ਨੂੰ ਪੇਸ਼ਾਵਰ ਦੇ ਪੁਲਸ ਲਾਈਨ ਇਲਾਕੇ 'ਚ ਹੋਇਆ। ਇਹ ਧਮਾਕਾ ਇਕ ਮਸਜਿਦ ਵਿਚ ਹੋਇਆ, ਜਿਸ ਵਿਚ ਘੱਟੋ-ਘੱਟ 150 ਲੋਕ ਜ਼ਖਮੀ ਹੋ ਗਏ ਅਤੇ 46 ਦੀ ਮੌਤ ਹੋ ਗਈ। ਇਸ ਦੌਰਾਨ ਇਕ ਪੁਲਸ ਅਧਿਕਾਰੀ ਸਿਕੰਦਰ ਖਾਨ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਮਾਰਤ ਦਾ ਇਕ ਹਿੱਸਾ ਢਹਿ ਗਿਆ ਅਤੇ ਕਈ ਲੋਕਾਂ ਦੇ ਇਸ ਦੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। 

  • ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ

ਲੇਡੀ ਰੀਡਿੰਗ ਹਸਪਤਾਲ (ਐੱਲ. ਆਰ. ਸੀ.) ਦੇ ਬੁਲਾਰੇ ਮੁਹੰਮਦ ਅਸੀਮ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਅਸੀਮ ਨੇ ਪਾਕਿਸਤਾਨੀ ਅਖਬਾਰ ਡਾਨ ਨੂੰ ਦੱਸਿਆ ਕਿ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ ਅਤੇ ਸਿਰਫ ਐਂਬੂਲੈਂਸਾਂ ਨੂੰ ਹੀ ਇਲਾਕੇ 'ਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ।

  • ਅੱਤਵਾਦ ਖਿਲਾਫ ਇਕਜੁੱਟ ਹੈ ਪਾਕਿਸਤਾਨ- ਸ਼ਾਹਬਾਜ਼ ਸ਼ਰੀਫ

ਇਸ ਦੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਪੇਸ਼ਾਵਰ ਧਮਾਕੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਘਟਨਾ ਪਿੱਛੇ ਹਮਲਾਵਰਾਂ ਦਾ ਇਸਲਾਮ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਡਰ ਪੈਦਾ ਕਰਨਾ ਚਾਹੁੰਦੇ ਹਨ ਜੋ ਪਾਕਿਸਤਾਨ ਦੀ ਰੱਖਿਆ ਲਈ ਆਪਣੀ ਡਿਊਟੀ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਜ਼ਿੰਦਗੀ ਵਿਅਰਥ ਨਹੀਂ ਜਾਵੇਗੀ, ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਅੱਤਵਾਦ ਵਿਰੁੱਧ ਇੱਕਜੁੱਟ ਹੈ।

  • ਇਮਰਾਨ ਖਾਨ ਨੇ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ

ਇਸ ਦੇ ਨਾਲ ਹੀ ਇਮਰਾਨ ਖਾਨ ਨੇ ਅੱਤਵਾਦੀ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਵੀ ਪ੍ਰਗਟਾਈ। ਇਮਰਾਨ ਖਾਨ ਨੇ ਕਿਹਾ ਕਿ ਉਹ ਪੇਸ਼ਾਵਰ ਦੀ ਪੁਲਸ ਲਾਈਨ ਮਸਜਿਦ 'ਚ ਜ਼ੁਹਰ ਦੀ ਨਮਾਜ਼ ਦੌਰਾਨ ਹੋਏ ਅੱਤਵਾਦੀ ਆਤਮਘਾਤੀ ਹਮਲੇ ਦੀ ਨਿੰਦਾ ਕਰਦੇ ਹਨ। ਮੇਰੀਆਂ ਪ੍ਰਾਰਥਨਾਵਾਂ ਅਤੇ ਸੰਵੇਦਨਾ ਪੀੜਤ ਪਰਿਵਾਰਾਂ ਦੇ ਨਾਲ ਹਨ। ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਖੁਫੀਆ ਜਾਣਕਾਰੀ ਇਕੱਠੀ ਕਰੀਏ ਅਤੇ ਅੱਤਵਾਦ ਦੇ ਵਧਦੇ ਖ਼ਤਰੇ ਨਾਲ ਨਜਿੱਠਣ ਲਈ ਆਪਣੇ ਪੁਲਿਸ ਬਲਾਂ ਨੂੰ ਸਹੀ ਢੰਗ ਨਾਲ ਲੈਸ ਕਰੀਏ।