ਬਲੋਚਿਸਤਾਨ 'ਚ ਅੱਤਵਾਦੀਆਂ ਦੀ ਵੱਡੀ ਵਾਰਦਾਤ, 23 ਲੋਕਾਂ ਦੀ ਹੱਤਿਆ ਕੀਤੀ।

ਬਲੋਚਿਸਤਾਨ, 26 ਅਗਸਤ 2024 : ਪਾਕਿਸਤਾਨ 'ਚ ਅੱਤਵਾਦੀ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਬਲੋਚਿਸਤਾਨ 'ਚ ਅੱਤਵਾਦੀਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਕ ਹਥਿਆਰਬੰਦ ਅੱਤਵਾਦੀਆਂ ਨੇ ਘੱਟੋ-ਘੱਟ 23 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਸੋਮਵਾਰ ਤੜਕੇ ਅੱਤਵਾਦੀਆਂ ਨੇ ਪਹਿਲਾਂ ਕੁਝ ਲੋਕਾਂ ਨੂੰ ਬੱਸ ਅਤੇ ਟਰੱਕ ਤੋਂ ਹੇਠਾਂ ਉਤਾਰਿਆ ਅਤੇ ਫਿਰ ਉਨ੍ਹਾਂ ਦੇ ਪਛਾਣ ਪੱਤਰ ਚੈੱਕ ਕੀਤੇ। ਇਸ ਤੋਂ ਬਾਅਦ ਅੱਤਵਾਦੀਆਂ ਨੇ ਲੋਕਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਮੁਸਾਖੇਲ ਦੇ ਸਹਾਇਕ ਕਮਿਸ਼ਨਰ ਨਜੀਬ ਕਾਕਰ ਨੇ ਦੱਸਿਆ ਕਿ ਹਥਿਆਰਬੰਦ ਵਿਅਕਤੀਆਂ ਨੇ ਨਾ ਸਿਰਫ਼ ਲੋਕਾਂ ‘ਤੇ ਗੋਲੀਆਂ ਚਲਾਈਆਂ ਸਗੋਂ 10 ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਅਤੇ ਲੇਵੀ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਹਸਪਤਾਲ ਪਹੁੰਚਾਉਣਾ ਸ਼ੁਰੂ ਕੀਤਾ। 

ਮੁੱਖ ਮੰਤਰੀ ਨੇ ਘਟਨਾ ਦੀ ਕੀਤੀ ਸਖ਼ਤ ਨਿੰਦਾ 
ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਇਕ ਬਿਆਨ ‘ਚ ਉਨ੍ਹਾਂ ਨੇ ਇਸ ਹਮਲੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ।