ਭਾਰਤੀ ਮੂਲ ਦੇ ਪ੍ਰਮਿਲਾ ਜੈਪਾਲ ਇਮੀਗ੍ਰੇਸ਼ਨ ਲਈ ਬਣੇ ਯੂ.ਐਸ.ਹਾਊਸ ਜੁਡੀਸ਼ਰੀ ਕਮੇਟੀ ਪੈਨਲ ਦੇ ਰੈਂਕਿੰਗ ਮੈਂਬਰ ਵਜੋਂ ਹੋਏ ਨਾਮਜ਼ਦ

ਵਾਸ਼ਿੰਗਟਨ, 02 ਫਰਵਰੀ : ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਨੇ ਅਮਰੀਕਾ ਵਿਚ ਦੇਸ਼ ਦਾ ਮਾਣ ਵਧਾਇਆ ਹੈ। ਉਹਨਾਂ ਨੂੰ ਇਮੀਗ੍ਰੇਸ਼ਨ ਲਈ ਬਣੇ ਸ਼ਕਤੀਸ਼ਾਲੀ ਯੂਐਸ ਹਾਊਸ ਜੁਡੀਸ਼ਰੀ ਕਮੇਟੀ ਪੈਨਲ ਦੇ ਰੈਂਕਿੰਗ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਉਹ ਇਸ ਉਪ-ਕਮੇਟੀ ਦੀ ਅਗਵਾਈ ਕਰਨ ਵਾਲੇ ਪਹਿਲੇ ਪ੍ਰਵਾਸੀ ਬਣ ਗਏ ਹਨ। 57 ਸਾਲਾ ਪ੍ਰਮਿਲਾ ਜੈਪਾਲ ਵਾਸ਼ਿੰਗਟਨ ਦੇ 7ਵੇਂ ਕਾਂਗਰੇਸ਼ਨਲ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹਨ। ਉਹਨਾਂ ਨੇ ਇਮੀਗ੍ਰੇਸ਼ਨ ਅਖੰਡਤਾ ਅਤੇ ਸੁਰੱਖਿਆ 'ਤੇ ਕੰਮ ਕਰਨ ਵਾਲੀ ਉਪ-ਕਮੇਟੀ ਦੀ ਮਹਿਲਾ ਮੈਂਬਰ ਲੋਫਗ੍ਰੇਨ ਦੀ ਥਾਂ ਲਈ ਹੈ। ਰੈਂਕਿੰਗ ਮੈਂਬਰ ਚੁਣੇ ਜਾਣ ਤੋਂ ਬਾਅਦ ਪ੍ਰਮਿਲਾ ਜੈਪਾਲ ਨੇ ਕਿਹਾ, “ਮੈਂ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੀ ਗਈ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਹੋਣ ਦਾ ਮਾਣ ਮਹਿਸੂਸ ਕਰ ਰਹੀ ਹਾਂ”।  ਪ੍ਰਮਿਲਾ ਨੇ ਕਿਹਾ ਕਿ ਉਹ 16 ਸਾਲ ਦੀ ਉਮਰ ਵਿਚ ਅਮਰੀਕਾ ਆਈ ਸੀ। ਹਾਲਾਂਕਿ ਅਮਰੀਕੀ ਨਾਗਰਿਕ ਬਣਨ ਲਈ ਉਹਨਾਂ ਨੂੰ 17 ਸਾਲ ਇੰਤਜ਼ਾਰ ਕਰਨਾ ਪਿਆ। ਉਹਨਾਂ ਕਿਹਾ ਕਿ ਇਹ ਮੇਰੇ ਲਈ ਵੱਡੀ ਗੱਲ ਹੈ ਕਿ ਮੈਂ ਇਕ ਟੁੱਟੀ ਹੋਈ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਦੁਬਾਰਾ ਸ਼ੁਰੂ ਕਰਨ ਦੀ ਭੂਮਿਕਾ ਨਿਭਾਵਾਂਗੀ। ਪ੍ਰਮਿਲਾ ਅਮਰੀਕੀ ਕਾਂਗਰਸ ਵਿਚ ਆਉਣ ਤੋਂ ਪਹਿਲਾਂ ਪਰਵਾਸੀਆਂ ਲਈ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹਨ। ਉਹਨਾਂ ਨੇ ਵਾਸ਼ਿੰਗਟਨ ਦੇ ਸਭ ਤੋਂ ਵੱਡੇ ਪ੍ਰਵਾਸੀ ਸੰਗਠਨ ਵਨ ਅਮਰੀਕਾ ਦੀ ਵੀ ਸ਼ੁਰੂਆਤ ਕੀਤੀ ਸੀ। ਸਾਬਕਾ ਰਾਸ਼ਟਰਪਤੀ ਓਬਾਮਾ ਵੱਲੋਂ ਉਹਨਾਂ ਨੂੰ ਚੈਂਪੀਅਨ ਆਫ ਚੇਂਜ ਪੁਰਸਕਾਰ ਵੀ ਦਿੱਤਾ ਜਾ ਚੁੱਕਾ ਹੈ।