ਜ਼ਿੰਬਾਬਵੇ ’ਚ ਵਾਪਰੇ ਜਹਾਜ਼ ਹਾਦਸੇ ’ਚ ਭਾਰਤੀ ਸਨਅਤਕਾਰ ਹਰਪਾਲ ਰੰਧਾਵਾ, ਉਸ ਦੇ ਪੁੱਤਰ ਸਮੇਤ 6 ਦੀ ਮੌਤ

ਜੋਹਾਨਸਬਰਗ, 02 ਅਕਤੂਬਰ : ਜ਼ਿੰਬਾਬਵੇ ’ਚ ਜਹਾਜ਼ ਹਾਦਸੇ ’ਚ ਪੰਜਾਬੀ ਮੂਲ ਦੇ ਭਾਰਤੀ ਸਨਅਤਕਾਰ ਹਰਪਾਲ ਰੰਧਾਵਾ, ਉਨ੍ਹਾਂ ਦੇ ਪੁੱਤਰ ਸਮੇਤ 6 ਦੀ ਮੌਤ ਹੋ ਗਈ। ਮਾਈਨਿੰਗ ਕੰਪਨੀ ਦੇ ਮਾਲਕ ਹਰਪਾਲ ਰੰਧਾਵਾ ਦਾ ਨਿੱਜੀ ਜਹਾਜ਼ ਤਕਨੀਕੀ ਖ਼ਰਾਬੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਸਿੰਗਲ ਇੰਜਣ ਵਾਲੇ ਸੇਸਨਾ 206 ਏਅਰਕਰਾਫਟ ਦੀ ਮਾਲਕੀ ਰੰਧਾਵਾ ਦੀ ਕੰਪਨੀ ਰਿਓਜਿਮ ਕੋਲ ਹੈ। ਇਹ ਜਹਾਜ਼ ਰਾਜਧਾਨੀ ਹਰਾਰੇ ਤੋਂ ਮੁਰੋਵਾ ਹੀਰੇ ਦੀ ਖਾਨ ਵੱਲ ਜਾ ਰਿਹਾ ਸੀ। ਇਸੇ ਦੌਰਾਨ ਜ਼ਿੰਬਾਬਵੇ ਦੇ ਦੱਖਣੀ ਪੱਛਮੀ ਇਲਾਕੇ ਮਾਸ਼ਾਵਾ ’ਚ ਸਥਿਤ ਇਕ ਹੀਰੇ ਦੀ ਖਾਨ ਨੇੜੇ ਤਕਨੀਕੀ ਖ਼ਰਾਬੀ ਕਾਰਨ ਏਅਰਕਰਾਫਟ ’ਚ ਧਮਾਕਾ ਹੋ ਗਿਆ। ਜਹਾਜ਼ ’ਚ ਸਨਅਤਕਾਰ ਹਰਪਾਲ ਰੰਧਾਵਾ, ਉਨ੍ਹਾਂ ਦੇ 22 ਸਾਲਾ ਪੁੱਤਰ ਆਮੇਰ ਸਮੇਤ ਕੁੱਲ ਛੇ ਜਣੇ ਸਵਾਰ ਸਨ। ਸਥਾਨਕ ਅਖ਼ਬਾਰ ‘ਹੇਰਾਲਡ’ ’ਚ ਪੁਲਿਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜਹਾਜ਼ ’ਚ ਚਾਰ ਵਿਦੇਸ਼ੀ ਨਾਗਰਿਕ ਸਨ ਅਤੇ ਹੋਰ ਦੋ ਜ਼ਿੰਬਾਬਵੇ ਤੋਂ ਸਨ। ਪੁਲਿਸ ਨੇ ਕਿਹਾ ਕਿ 29 ਸਤੰਬਰ ਨੂੰ ਸਵੇਰੇ ਸਾਢੇ ਸੱਤ ਤੋਂ ਅੱਠ ਵਜੇ ਦਰਮਿਆਨ ਇਹ ਹਾਦਸਾ ਹੋਇਆ ਹੈ। ਰਿਓਜਿਮ ਦਾ ਇਹ ਜਹਾਜ਼ ਸਵੇਰੇ ਛੇ ਵਜੇ ਹਰਾਰੇ ’ਚ ਖਾਨ ਲਈ ਰਵਾਨਾ ਹੋਇਆ ਸੀ ਅਤੇ ਮਾਸ਼ਾਵਾ ਤੋਂ ਤਕਰੀਬਨ ਛੇ ਕਿਲੋਮੀਟਰ ਦੂਰ ਹਾਦਸੇ ਦਾ ਸ਼ਿਕਾਰ ਹੋ ਗਿਆ। 60 ਸਾਲਾ ਹਰਪਾਲ ਰੰਧਾਵਾ ਮਾਈਨਿੰਗ ਕੰਪਨੀ ਰਿਓਜਿਮ ਦੇ ਮਾਲਕ ਸਨ। ਰਿਓਜਿਮ ਜ਼ਿੰਬਾਬਵੇ ’ਚ ਸੋਨੇ ਤੇ ਕੋਲੇ ਦੀ ਮਾਈਨਿੰਗ ਕਰਦੀ ਹੈ। ਨਾਲ ਹੀ ਕੰਪਨੀ ’ਚ ਨਿਕਲ ਅਤੇ ਤਾਂਬੇ ਜਿਹੀਆਂ ਧਾਤੂਆਂ ਦੀ ਰਿਫਾਈਨਿੰਗ ਦਾ ਵੀ ਕੰਮ ਹੁੰਦਾ ਹੈ। ਰੰਧਾਵਾ ਚਾਰ ਅਰਬ ਡਾਲਰ ਵਾਲੀ ਇਕਵਿਟੀ ਫਰਮ ਜੇਮ ਹੋਲਡਿੰਗ ਦੇ ਸੰਸਥਾਪਕ ਵੀ ਸਨ। ਕੰਪਨੀ ਨੇ ਵੀ ਬਿਆਨ ਜਾਰੀ ਕਰ ਕੇ ਰੰਧਾਵਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਰੰਧਾਵਾ ਦੇ ਪਰਿਵਾਰ ਨੇ ਚਾਰ ਅਕਤੂਬਰ 2023 ਨੂੰ ਰੰਧਾਵਾ ਅਤੇ ਉਨ੍ਹਾਂ ਦੇ ਪੁੱਤਰ ਆਮੇਰ ਲਈ ਸ਼ੋਕ ਸਭਾ ਰੱਖੀ ਹੈ। ਇਸ ’ਚ ਉਨ੍ਹਾਂ ਦੇ ਸਾਰੇ ਦੋਸਤਾਂ ਅਤੇ ਹੋਰਨਾਂ ਨੂੰ ਸੱਦਾ ਦਿੱਤਾ ਗਿਆ ਹੈ। ਪੱਤਰਕਾਰ ਅਤੇ ਫਿਲਮ ਨਿਰਮਾਤਾ ਹੋਪਵੇਲ ਚਿਨੋਨੋ ਨੇੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ, ਜੋ ਰੰਧਾਵਾ ਦੇ ਦੋਸਤ ਹਨ। ਐਕਸ ’ਤੇ ਉਨ੍ਹਾਂ ਨੇ ਲਿਖਿਆ, ‘ਮੈਨੂੰ ਰਿਓਜਿਮ ਦੇ ਮਾਲਕ ਹੰਰਪਾਲ ਰੰਧਾਵਾ ਦੇ ਦੇਹਾਂਤ ਬਾਰੇ ਸੁਣ ਕੇ ਦੁੱਖ ਹੋਇਆ ਹੈ। ਊਨ੍ਹਾਂ ਦੀ ਅੱਜ ਜਬਿਸ਼ਾਵੇਨ ’ਚ ਇਕ ਜਹਾਜ਼ ਹਾਦਸੇ ’ਚ ਮੌਤ ਹੋ ਗਈ। ਉਨ੍ਹਾਂ ਦੇ ਪੁੱਤਰ ਸਮੇਤ ਪੰਜ ਹੋਰ ਜਣਿਆਂ ਦੀ ਵੀ ਹਾਦਸੇ ’ਚ ਮੌਤ ਹੋ ਗਈ। ਮੇਰਆਂ ਸੰਵੇਦਨਾਵਾਂ ਉਨ੍ਹਾਂ ਦੀ ਪਤਨੀ, ਪਰਿਵਾਰ, ਦੋਸਤਾਂ ਅਤੇ ਸਮੁੱਚੇ ਰਿਓਜਿਮ ਪਰਿਵਾਰ ਨਾਲ ਹਨ।