ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਹੈਲੀਕਾਪਟਰ ਕ੍ਰੈਸ਼, ਗ੍ਰਹਿ ਮੰਤਰੀ ਸਮੇਤ 18 ਲੋਕਾਂ ਦੀ ਮੌਤ

ਕੀਵ,18 ਜਨਵਰੀ : ਰੂਸ ਨਾਲ ਜੰਗ ਵਿਚਾਲੇ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਬੁੱਧਵਾਰ ਸਵੇਰੇ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ, ਜਿਸ ਵਿੱਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਯੂਕਰੇਨ ਦੇ ਗ੍ਰਹਿ ਮੰਤਰੀ ਡੇਨਿਸ ਮੋਨਾਸਟਿਰਸਕੀ ਦੀ ਵੀ ਮੌਤ ਹੋ ਗਈ ਹੈ। ਰਿਪੋਰਟ ਮੁਤਾਬਕ ਯੂਕਰੇਨ ਦੇ ਗ੍ਰਹਿ ਮੰਤਰੀ ਦੇ ਡਿਪਟੀ ਅਤੇ ਇੱਕ ਹੋਰ ਅਧਿਕਾਰੀ ਦੀ ਵੀ ਹਾਦਸੇ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਹਾਦਸਾ ਇੱਕ ਚਾਈਲਡ ਕੇਅਰ ਸੈਂਟਰ ਨੇੜੇ ਵਾਪਰਿਆ। ਨੈਸ਼ਨਲ ਪੁਲਿਸ ਦੇ ਮੁਖੀ ਇਗੋਰ ਕਲੇਮੇਂਕੋ ਨੇ ਕਿਹਾ ਕਿ ਇਸ ਸਮੇਂ 3 ਬੱਚਿਆਂ ਸਣੇ ਕੁਲ 18 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿੱਚ ਗ੍ਰਹਿ ਮੰਤਰੀ ਡੇਨਿਸ ਮੋਨਾਸਟਿਰਸਕੀ ਸਮੇਤ ਗ੍ਰਹਿ ਮੰਤਰਾਲੇ ਦੇ ਕਈ ਉੱਚ ਅਧਿਕਾਰੀ ਸ਼ਾਮਲ ਹਨ। ਦੋ ਬੱਚਿਆਂ ਵਿੱਚੋਂ 42 ਸਾਲਾਂ ਡੇਨਿਸ ਮੋਨਾਸਟਿਰਸਕੀ ਨੂੰ 2021 ਵਿੱਚ ਯੂਕਰੇਨ ਦਾ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਹੈਲੀਕਾਪਟਰ ਹਾਦਸਾ ਰਾਜਧਾਨੀ ਕੀਵ ਤੋਂ 20 ਕਿਲੋਮੀਟਰ ਦੂਰ ਬਰੋਵਰੀ ਇਲਾਕੇ ‘ਚ ਹੋਇਆ। ਹਾਦਸੇ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈਕਿ ਜਿਥੇ ਹੈਲੀਕਾਪਟਰ ਨੂੰ ਅੱਗ ਲੱਗੀ ਉਥੇ ਕਿੰਡਰਗਾਰਟਨ ਸਕੂਲ ਸੀ। ਪੁਲਿਸ ਨੇ ਕਿਹਾ ਕਿ ਮਰਨ ਵਾਲਿਆਂ ਵਿੱਚੋਂ ਨੌਂ ਐਮਰਜੈਂਸੀ ਸੇਵਾ ਦੇ ਹੈਲੀਕਾਪਟਰ ਵਿੱਚ ਸਨ, ਜੋ ਕੀਵ ਦੇ ਬਰੋਵਰੀ ਵਿੱਚ ਹਾਦਸਾਗ੍ਰਸਤ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਦੋ ਬੱਚੇ ਵੀ ਸ਼ਾਮਲ ਹਨ। ਬ੍ਰੋਵਰੀ ਸ਼ਹਿਰ ਕੀਵ ਦੇ ਉੱਤਰ-ਪੂਰਬ ਵਿੱਚ ਸਥਿਤ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਘਟਨਾ ਤੋਂ ਬਾਅਦ ਬਚਾਅ ਕਾਰਜ ਦਿਖਾਈ ਦੇ ਰਿਹਾ ਹੈ। ਹਾਲਾਂਕਿ ਇਹ ਹੈਲੀਕਾਪਟਰ ਕਰੈਸ਼ ਰੂਸ ਦੇ ਹਮਲੇ ‘ਚ ਹੋਇਆ ਹੈ ਜਾਂ ਆਪਣੇ ਆਪ ਹੀ ਹੋਇਆ ਹੈ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਦੇ ਨਾਲ ਹੀ ਰਾਜਧਾਨੀ ਕੀਵ ਵਿੱਚ ਕਿਸੇ ਹਮਲੇ ਦੀ ਕੋਈ ਸੂਚਨਾ ਨਹੀਂ ਹੈ। ਇਸ ਦੇ ਨਾਲ ਹੀ ਕੀਵ ਦੇ ਖੇਤਰੀ ਗਵਰਨਰ ਨੇ ਦੱਸਿਆ ਕਿ ਇਸ ਹਾਦਸੇ ‘ਚ 15 ਬੱਚਿਆਂ ਸਮੇਤ ਕੁੱਲ 29 ਲੋਕ ਜ਼ਖਮੀ ਹੋਏ ਹਨ।