ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਸਰੀ, 23 ਅਪ੍ਰੈਲ : ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਇਹ ਨਗਰ ਕੀਰਤਨ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਸਵੇਰੇ 8 ਵਜੇ ਸ਼ੁਰੂ ਹੋਇਆ ਅਤੇ 128 ਸਟਰੀਟ, 82 ਐਵੀਨਿਊ, 124 ਸਟਰੀਟ, 76 ਐਵੀਨਿਊ ਅਤੇ 128 ਸਟਰੀਟ ਹੁੰਦਾ ਹੋਇਆ ਸ਼ਾਮ 4 ਵਜੇ ਵਾਪਸ ਗੁਰਦੁਆਰਾ ਦਸ਼ੇਮਸ਼ ਦਰਬਾਰ ਵਿਖੇ ਆ ਕੇ ਸੰਪੂਰਨ ਹੋਇਆ।  ਧਾਰਮਿਕ ਇਕੱਠ ਵਿਚ ਲੱਖਾਂ ਦੀ ਗਿਣਤੀ ਵਿਚ ਨੌਜਵਾਨ, ਬੱਚੇ ਅਤੇ ਬਜ਼ੁਰਗ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ। ਹਰ ਇਕ ਚਿਹਰੇ ‘ਤੇ ਇਕ ਵੱਖਰਾ ਜਲੌਅ ਝਲਕ ਰਿਹਾ ਸੀ। ਸਰੀ ਦੇ ਵੱਖ ਵੱਖ ਪੰਜਾਬੀ ਸਕੂਲਾਂ ਦੇ ਬੱਚੇ ਨਗਰ ਕੀਰਤਨ ਦੇ ਨਾਲ ਨਾਲ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ। ਸਿੰਘ ਗੱਤਕੇ ਦੇ ਜ਼ੋਹਰ ਦਿਖਾ ਰਹੇ ਸਨ। ਇਸ ਨਗਰ ਕੀਰਤਨ ਵਿਚ ਪਹਿਲੀ ਵਾਰ ਦੇਖਿਆ ਗਿਆ ਕਿ ਵੱਡੀ ਗਿਣਤੀ ਵਿਚ ਲੋਕਾਂ ਦੇ ਹੱਥਾਂ ਵਿਚ ਫੜ੍ਹੇ ਕੇਸਰੀ ਝੰਡੇ ਉਪਰ ਖਾਲਿਸਤਾਨ ਉਕਰਿਆ ਹੋਇਆ ਸੀ। ਨਗਰ ਕੀਰਤਨ ਦੇ ਪੂਰੇ ਰੂਟ ਉਪਰ ਕਾਰੋਬਾਰੀਆਂ, ਸ਼ਰਧਾਲੂਆਂ ਵੱਲੋਂ ਵੱਖ ਵੱਖ ਪਕਵਾਨਾਂ ਦੇ ਲੰਗਰ ਲਾਏ ਹੋਏ ਸਨ ਅਤੇ ਲੋਕ ਇਨ੍ਹਾਂ ਖਾਣਿਆਂ ਦਾ ਸਵਾਦ ਮਾਣ ਰਹੇ ਸਨ। ਸਰੀ ਵਿਚ ਚਲਦੇ ਪ੍ਰਮੁੱਖ ਰੇਡੀਓ ਸਟੇਸ਼ਨਾਂ ਅਤੇ ਟੀ.ਵੀ. ਚੈਨਲਾਂ ਵੱਲੋਂ ਸਟੇਜਾਂ ਸਜਾਈਆਂ ਗਈਆਂ ਸਨ ਜਿੱਥੋਂ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਸੀ, ਢਾਡੀਆਂ ਦੀਆਂ ਵਾਰਾਂ ਗੂੰਜ ਰਹੀਆਂ ਸਨ ਅਤੇ ਲੀਡਰਾਂ ਦੇ ਭਾਸ਼ਣ ਸੁਣਾਈ ਦੇ ਰਹੇ ਸਨ। ਇਕ ਪਾਸੇ ਕੇਸਰੀ ਦਸਤਾਰਾਂ ਸਜਾਈਆਂ ਜਾ ਰਹੀਆਂ ਸਨ, ਮੈਗਜ਼ੀਨ, ਅਖਬਾਰ, ਪੈਂਫਲਿਟ ਵੰਡੇ ਜਾ ਰਹੇ ਸਨ। ਨਗਰ ਕੀਰਤਨ ਵਿਚ ਪਹਿਲੀ ਵਾਰ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਦੇ ਸਤੀਸ਼ ਗੁਲਾਟੀ ਵੱਲੋਂ ਪੰਜਾਬੀ ਕਿਤਾਬਾਂ ਦੀ ਪ੍ਰਦਰਸ਼ਨੀ ਲਾ ਕੇ ਪੰਜਾਬੀਆਂ ਨੂੰ ਕਿਤਾਬਾਂ ਪੜ੍ਹਨ ਦਾ ਸੁਨੇਹਾ ਦਿੱਤਾ ਗਿਆ। ਸੈਂਕੜੇ ਪੁਸਤਕ ਪ੍ਰੇਮੀਆਂ ਨੇ ਇੱਥੋਂ ਕਿਤਾਬਾਂ ਖਰੀਦ ਕੇ ਸਤੀਸ਼ ਗੁਲਾਟੀ ਦੇ ਉਪਰਾਲੇ ਨੂੰ ਹੁੰਗਾਰਾ ਦਿੱਤਾ।