ਗਲਾਸਗੋ ਲਾਈਫ ਅਜਾਇਬ-ਘਰ ਨੇ ਇਤਿਹਾਸਕ ਸਮਝੌਤੇ ਤਹਿਤ ਭਾਰਤ ਨੂੰ ਸੱਤ ਕਲਾਕ੍ਰਿਤੀਆਂ ਵਾਪਸ ਕੀਤੀਆਂ

  • - ਸਦੀਆਂ ਪੁਰਾਣੀਆਂ ਵਸਤਾਂ ਭਾਰਤ ਦੇ ਪੁਰਾਤੱਤਵ ਵਿਭਾਗ ਨੂੰ ਸੌਂਪੀਆਂ

ਗਲਾਸਗੋ, 11 ਜਨਵਰੀ : ਗਲਾਸਗੋ ਸਥਿਤ ਅਜਾਇਬ-ਘਰਾਂ ਦੇ ਪ੍ਰਬੰਧਾਂ ਲਈ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੀ ਚੈਰਿਟੀ ਗਲਾਸਗੋ ਲਾਈਫ ਵੱਲੋਂ ਅਗਸਤ 2022 ਵਿੱਚ ਕੈਲਵਿੰਗਰੋਵ ਆਰਟ ਗੈਲਰੀ ਵਿਖੇ ਇੱਕ ਸਮਾਗਮ ਕੀਤਾ ਗਿਆ ਸੀ। ਜਿਸ ਦੌਰਾਨ ਸਦੀਆਂ ਪੁਰਾਣੀਆਂ ਇਤਿਹਾਸਕ ਕਲਾਕ੍ਰਿਤਾਂ ਭਾਰਤ ਸਰਕਾਰ ਨੂੰ ਵਾਪਸ ਦੇਣ ਦੇ ਸਮਝੌਤੇ 'ਤੇ ਹਸਤਾਖਰ ਹੋਏ ਸਨ। ਅਖੀਰ ਉਸ ਸਮਝੌਤੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਗਲਾਸਗੋ ਮਿਊਜ਼ੀਅਮਜ਼ ਰਿਸੋਰਸ ਸੈਂਟਰ ਵਿਖੇ 10 ਜਨਵਰੀ ਨੂੰ ਇਹਨਾਂ ਕਲਾਕ੍ਰਿਤਾਂ ਨੂੰ ਭਾਰਤ ਭੇਜਣ ਲਈ ਸੁਰੱਖਿਅਤ ਰੂਪ ਵਿੱਚ ਡੱਬਾ-ਬੰਦ ਕੀਤਾ ਗਿਆ। ਉਕਤ ਕਲਾਕ੍ਰਿਤਾਂ ਨੂੰ ਭਾਰਤ ਦੇ ਪੁਰਾਤੱਤਵ ਵਿਭਾਗ ਹਵਾਲੇ ਕੀਤਾ ਜਾਵੇਗਾ, ਜਿੱਥੇ ਉਹਨਾਂ ਨੂੰ ਸੰਭਾਲਿਆ ਜਾਵੇਗਾ ਅਤੇ ਬਾਅਦ ਵਿੱਚ ਨੁਮਾਇਸ਼ ਲਈ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਅਗਸਤ 2022 ਵਿੱਚ ਸ਼ਹਿਰ ਦੇ ਅਜਾਇਬ-ਘਰ ਦੇ ਸੰਗ੍ਰਹਿ ਦਾ ਪ੍ਰਬੰਧਨ ਕਰਦੀ ਗਲਾਸਗੋ ਲਾਈਫ ਚੈਰਿਟੀ ਨੇ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨਾਲ ਸੱਤ ਵਸਤੂਆਂ ਨੂੰ ਵਾਪਸ ਕਰਨ ਲਈ ਮਲਕੀਅਤ ਦੇ ਤਬਾਦਲੇ ਲਈ ਸਨਮਾਨ ਸਮਾਰੋਹ ਕੀਤਾ ਸੀ। ਇਨ੍ਹਾਂ ਵਿੱਚ ਇੱਕ ਕਾਨਪੁਰ ਦੇ ਇੱਕ ਹਿੰਦੂ ਮੰਦਰ ਤੋਂ ਲਿਆਂਦਾ ਗਿਆ 11ਵੀਂ ਸਦੀ ਦਾ ਉੱਕਰਿਆ ਪੱਥਰ ਦਾ ਦਰਵਾਜ਼ਾ ਹੈ। ਡੈਲੀਗੇਟਾਂ ਨੇ ਕੈਲਵਿੰਗਰੋਵ ਆਰਟ ਗੈਲਰੀ ਅਤੇ ਅਜਾਇਬ ਘਰ ਦਾ ਦੌਰਾ ਕੀਤਾ ਸੀ ਤਾਂ ਜੋ ਵਸਤੂਆਂ ਦੀ ਵਾਪਸੀ ਦੀ ਪੁਸ਼ਟੀ ਕਰਨ ਵਾਲੇ ਇਕਰਾਰਨਾਮੇ 'ਤੇ ਹਸਤਾਖਰ ਕੀਤੇ ਜਾ ਸਕਣ। ਇਸ ਸਾਮਾਨ ਵਿੱਚੋਂ ਛੇ ਵਸਤਾਂ 19ਵੀਂ ਸਦੀ ਦੌਰਾਨ ਭਾਰਤ ਭਰ ਦੇ ਮੰਦਰਾਂ ਤੋਂ ਚੋਰੀ ਹੋ ਗਈਆਂ ਦੱਸੀਆਂ ਜਾਂਦੀਆਂ ਸਨ ਤੇ ਗਲਾਸਗੋ ਦੇ ਅਜਾਇਬ ਘਰ ਦੇ ਸੰਗ੍ਰਹਿ ਨੂੰ ਤੋਹਫੇ ਵਜੋਂ ਮਿਲੀਆਂ ਸਨ। ਮਲਕੀਅਤ ਦਾ ਤਬਾਦਲਾ ਗਲਾਸਗੋ ਸਿਟੀ ਕਾਉਂਸਿਲ ਵੱਲੋਂ ਅਪ੍ਰੈਲ 2022 ਵਿੱਚ ਕ੍ਰਾਸ-ਪਾਰਟੀ ਵਰਕਿੰਗ ਗਰੁੱਪ ਫਾਰ ਰਿਪੇਟ੍ਰੀਏਸ਼ਨ ਐਂਡ ਸਪੋਲੀਏਸ਼ਨ ਦੁਆਰਾ ਭਾਰਤ, ਨਾਈਜੀਰੀਆ ਅਤੇ ਚੇਏਨ ਨਦੀ ਅਤੇ ਦੱਖਣੀ ਡਕੋਟਾ ਵਿੱਚ ਪਾਈਨ ਰਿਜ ਲਾਕੋਟਾ ਸਿਓਕਸ ਕਬੀਲਿਆਂ ਨੂੰ 51 ਵਸਤੂਆਂ ਵਾਪਸ ਕਰਨ ਲਈ ਕੀਤੀ ਗਈ ਇੱਕ ਸਿਫਾਰਸ਼ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਹੋਇਆ ਹੈ। ਗਲਾਸਗੋ ਲਾਈਫ ਮਿਊਜ਼ੀਅਮ ਜਨਵਰੀ 2021 ਤੋਂ ਭਾਰਤ ਦੇ ਹਾਈ ਕਮਿਸ਼ਨ ਦੇ ਨਾਲ ਇਨ੍ਹਾਂ ਵਸਤਾਂ ਦੀ ਵਾਪਸੀ 'ਤੇ ਕੰਮ ਕਰ ਰਿਹਾ ਸੀ। ਗਲਾਸਗੋ ਲਾਈਫ ਦੀ ਚੇਅਰ ਅਤੇ ਗਲਾਸਗੋ ਸਿਟੀ ਕਾਉਂਸਿਲ ਲਈ ਸੱਭਿਆਚਾਰ, ਖੇਡ ਅਤੇ ਅੰਤਰਰਾਸ਼ਟਰੀ ਸਬੰਧਾਂ ਦੀ ਕਨਵੀਨਰ ਬੈਲੀ ਐਨੇਟ ਕ੍ਰਿਸਟੀ ਨੇ ਕਿਹਾ ਕਿ "ਇਨ੍ਹਾਂ ਭਾਰਤੀ ਇਤਿਹਾਸਕ ਕਲਾਕ੍ਰਿਤਾਂ ਦੀ ਵਾਪਸੀ ਗਲਾਸਗੋ ਲਈ ਬੇਹੱਦ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ "ਸਾਨੂੰ ਗਲਾਸਗੋ ਦੇ ਅਜਾਇਬ ਘਰ ਦੇ ਸੰਗ੍ਰਹਿ ਤੋਂ ਇਹਨਾਂ ਵਸਤੂਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਵਿੱਚ ਮਦਦ ਅਤੇ ਸਹਿਯੋਗ ਲਈ ਭਾਰਤ ਦੇ ਹਾਈ ਕਮਿਸ਼ਨ, ਬ੍ਰਿਟਿਸ਼ ਹਾਈ ਕਮਿਸ਼ਨ ਅਤੇ ਭਾਰਤੀ ਪੁਰਾਤੱਤਵ ਸਰਵੇਖਣ ਦਾ ਧੰਨਵਾਦ ਕਰਨਾ ਚਾਹੀਦਾ ਹੈ।" ਗਲਾਸਗੋ ਲਾਈਫ ਮਿਊਜ਼ੀਅਮ 19 ਬੇਨਿਨ ਕਾਂਸੀ ਵੀ ਨਾਈਜੀਰੀਆ ਨੂੰ ਵਾਪਸ ਭੇਜ ਰਿਹਾ ਹੈ। ਇਹ ਕੰਮ ਉਦੋਂ ਤੋਂ ਜਾਰੀ ਹੈ ਜਦੋਂ ਤੋਂ ਇਸਦੀ ਸਥਾਪਨਾ ਕੀਤੀ ਗਈ ਸੀ। 1897 ਦੀ ਬ੍ਰਿਟਿਸ਼ ਸਜ਼ਾਤਮਕ ਮੁਹਿੰਮ ਦੌਰਾਨ ਪਵਿੱਤਰ ਸਥਾਨਾਂ ਅਤੇ ਰਸਮੀ ਇਮਾਰਤਾਂ ਤੋਂ ਨਿਲਾਮੀ ਅਤੇ ਤੋਹਫ਼ਿਆਂ ਦੇ ਰੂਪ ਵਿੱਚ ਪ੍ਰਾਪਤ ਕੀਤੀਆਂ ਗਈਆਂ  ਕਲਾਕ੍ਰਿਤੀਆਂ ਨੂੰ ਅਜਾਇਬ-ਘਰਾਂ ਵਿੱਚ ਸਥਾਪਿਤ ਕੀਤਾ ਗਿਆ ਸੀ। ਮਲਕੀਅਤ ਦੇ ਤਬਾਦਲੇ ਅਤੇ ਭਵਿੱਖ ਦੀਆਂ ਤਾਰੀਖਾਂ ਬਾਰੇ ਚਰਚਾ ਕਰਨ ਲਈ ਜੂਨ 2022 ਵਿੱਚ ਕੇਲਵਿੰਗਰੋਵ ਮਿਊਜ਼ੀਅਮ ਵੱਲੋਂ ਸਮਾਗਮ ਕੀਤਾ ਗਿਆ ਸੀ। 1892 ਵਿੱਚ ਸ਼ਹਿਰ ਦਾ ਦੌਰਾ ਕਰਨ ਵਾਲੇ ਬਫੇਲੋ ਬਿਲ ਵਾਈਲਡ ਵੈਸਟ ਸ਼ੋਅ ਦੇ ਦੁਭਾਸ਼ੀਏ, ਜਾਰਜ ਕ੍ਰੇਗਰ ਦੁਆਰਾ ਗਲਾਸਗੋ ਦੇ ਅਜਾਇਬ ਘਰਾਂ ਨੂੰ ਵੇਚੀਆਂ ਅਤੇ ਦਾਨ ਕੀਤੀਆਂ ਗਈਆਂ 25 ਲਕੋਟਾ ਅਤੇ ਓਸੇਟੀ ਸਾਕੋਵਿਨ ਪੂਰਵਜ ਅਤੇ ਸੱਭਿਆਚਾਰਕ ਵਸਤੂਆਂ ਵੀ ਚੇਏਨ ਰਿਵਰ ਸਿਓਕਸ ਅਤੇ ਓਗਲਾ ਨੂੰ ਵਾਪਸ ਸੌਂਪਿਆ ਜਾਵੇਗਾ।