ਅਮਰੀਕਾ ਵਿੱਚ ਬਰਫ਼ੀਲੇ ਤੂਫ਼ਾਨ ਦਾ ਕਹਿਰ ਜਾਰੀ, 34 ਲੋਕਾਂ ਦੀ ਮੌਤ, 20 ਕਰੋੜ ਲੋਕ ਪ੍ਰਭਾਵਿਤ

ਅਮਰੀਕਾ 26 ਦਸੰਬਰ : ਅਮਰੀਕਾ ਵਿੱਚ ਬਰਫ਼ੀਲੇ ਤੂਫ਼ਾਨ ਦਾ ਕਹਿਰ ਜਾਰੀ ਹੈ। ਕ੍ਰਿਸਮਿਸ ਦੌਰਾਨ ਆਏ ਇਸ ਤੂਫਾਨ ਨਾਲ ਦੇਸ਼ ਦੇ ਲਗਭਗ 20 ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਭਾਰੀ ਠੰਡ ਕਾਰਨ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਦੂਜੇ ਪਾਸੇ ਕੈਨੇਡਾ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ ਹਾਲਾਤ ਇੰਨੇ ਜ਼ਿਆਦਾ ਭਿਆਨਕ ਹਨ ਕਿ ਐਂਬੂਲੈਂਸ ਮਰੀਜ਼ਾਂ ਤੱਕ ਨਹੀਂ ਪਹੁੰਚ ਪਾ ਰਹੀ ਹੈ। ਕਈ ਸ਼ਹਿਰਾਂ ਵਿੱਚ ਬਿਜਲੀ ਗੁਲ ਹੋ ਚੁੱਕੀ ਹੈ। ਇਸ ਤੂਫਾਨ ਦਾ ਅਸਰ ਮੈਕਸੀਕੋ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਦੇ ਪੱਛਮੀ ਰਾਜ ਮੋਂਟਾਨਾ ਵਿੱਚ ਸ਼ੁੱਕਰਵਾਰ ਨੂੰ ਪਾਰਾ -45 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਚੱਕਰਵਾਤੀ ਤੂਫਾਨ ਕਾਰਨ ਮੱਧ ਰਾਜਾਂ ਦੇ ਤਾਪਮਾਨ ਵਿੱਚ ਗਿਰਾਵਟ ਆਈ ਹੈ। ਰਾਸ਼ਟਰੀ ਮੌਸਮ ਸੇਵਾ ਅਨੁਸਾਰ ਡੇਸ ਮੋਇਨੇਸ, ਆਯੋਵਾ ਵਰਗੇ ਸਥਾਨਾਂ ਦਾ ਤਾਪਮਾਨ -37°F ਹੈ, ਜੋ ਪੰਜ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਫ੍ਰਾਸਟਬਾਈਟ ਪੈਦਾ ਕਰ ਸਕਦਾ ਹੈ। ਸੰਯੁਕਤ ਰਾਜ ਅਮਰੀਕਾ ਵਿੱਚ 10 ਲੱਖ ਤੋਂ ਵੱਧ ਲੋਕ ਵਰਤਮਾਨ ਵਿੱਚ ਬਲੈਕਆਊਟ ਤੇ ਬਿਜਲੀ ਆਉਟੇਜ ਦਾ ਸਾਹਮਣਾ ਕਰ ਰਹੇ ਹਨ। ਸੰਯੁਕਤ ਰਾਜ ਅਮਰੀਕਾ ਵਿੱਚ 14 ਲੱਖ ਤੋਂ ਵੱਧ ਘਰਾਂ ਨੂੰ ਬਿਨ੍ਹਾਂ ਬਿਜਲੀ ਦੇ ਛੱਡ ਦਿੱਤਾ ਗਿਆ ਹੈ, ਜਦਕਿ 3 ਹਜ਼ਾਰ ਤੋਂ ਵੱਧ ਉਡਾਣਾਂ ਖਰਾਬ ਮੌਸਮ ਕਾਰਨ ਰੱਦ ਹੋ ਗਈਆਂ ਹਨ। ਚੱਕਰਵਾਤ ਬੰਬ ਕਾਰਨ ਇਕੱਲੇ ਉੱਤਰੀ ਕੈਲੀਫੋਰਨੀਆ ਨੇ 1,81,000 ਤੋਂ ਵੱਧ ਆਉਟੇਜ ਦਾ ਸਾਹਮਣਾ ਕੀਤਾ। ਦੱਸ ਦੇਈਏ ਕਿ ਨਿਊਯਾਰਕ ਦੇ ਗਵਰਨਰ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਕਿਉਂਕਿ ਤੂਫਾਨ ਕਾਰਨ ਰਾਜ ਦਾ ਤਾਪਮਾਨ ਅਸਹਿ ਹੋ ਗਿਆ ਸੀ। ਨਿਊਯਾਰਕ ਦੇ ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ ਸਾਡੇ ਕੋਲ ਬਰਫ਼, ਹੜ੍ਹ, ਜਮਾ ਦੇਣ ਵਾਲਾ ਤਾਪਮਾਨ ਤੇ ਉਹ ਸਭ ਕੁਝ ਹੈ ਜੋ ਇਸ ਹਫ਼ਤੇ ਦੇ ਅੰਤ ਵਿੱਚ ਕੁਦਰਤ ਸਾਡੇ ‘ਤੇ ਢਾਹ ਸਕਦੀ ਹੈ। ਸੂਬੇ ਦੇ ਕੁਝ ਹਿੱਸਿਆਂ ਵਿੱਚ ਬਾਰਿਸ਼ ਹੋ ਰਹੀ ਹੈ, ਜੋ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ ਦੇ ਨਾਲ ਬਰਫ਼ ਵਿੱਚ ਬਦਲ ਜਾਂਦੀ ਹੈ। ਸੂਬੇ ਦੇ ਹੋਰ ਹਿੱਸਿਆਂ ਵਿੱਚ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ।