ਦਖਣੀ-ਪਛਮੀ ਚੀਨ ’ਚ ਮੀਂਹ ਦਾ ਕਹਿਰ, ਹੜ੍ਹ ਆਉਣ ਕਾਰਨ 15 ਦੀ ਮੌਤ

ਬੀਜਿੰਗ, 05 ਜੁਲਾਈ : ਦੱਖਣੀ-ਪੱਛਮੀ ਚੀਨ ਵਿੱਚ ਮੌਸਮੀ ਤੂਫਾਨ ਦੇ ਪਹਾੜੀ ਇਲਾਕਿਆਂ ਵਿੱਚ ਆਏ ਹੜ੍ਹ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਸਥਾਨਕ ਸਰਕਾਰ ਦੀ ਵੈੱਬਸਾਈਟ ਅਨੁਸਾਰ, 3.1 ਕਰੋੜ ਦੀ ਆਬਾਦੀ ਵਾਲੇ ਵਿਸ਼ਾਲ ਪਹਾੜੀ ਇਲਾਕੇ ਚੋਂਗਕਿਗ ’ਚ ਸਵੇਰੇ ਤਕ ਚਾਰ ਵਿਅਕਤੀਆਂ ਦੇ ਲਾਪਤਾ ਹੋਣ ਦੀ ਖ਼ਬਰ ਵੀ ਸੀ। ਦੇਸ਼ ਦੇ ਹੋਰ ਹਿੱਸਿਆਂ ’ਚ ਵੀ ਕੁਝ ਅਜਿਹੇ ਹੀ ਹਾਲਾਤ ਹਨ ਪਰ ਚੋਂਗਕਿੰਗ ’ਚ ਹੜ੍ਹ ਘਾਤਕ ਲਗ ਰਹੇ ਹਨ ਜਿੱਥੋਂ ਹੁਣ ਤਕ ਹਜ਼ਾਰਾਂ ਲੋਕਾਂ ਨੂੰ ਕਢ ਕੇ ਸੁਰਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਚੁਕਾ ਹੈ। ਦਖਣੀ-ਪਛਮੀ ਸੂਬੇ ਸਿਚੁਆਨ ’ਚ ਹੜ੍ਹਾਂ ਕਾਰਨ 85 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੱਢ ਕੇ ਸੁਰਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਚੋਂਗਕਿੰਗ ’ਚ ਹੜ੍ਹਾਂ ਦੀ ਚੇਤਾਵਨੀ ਦਾ ਪੱਧਰ ਚਾਰ ਤੋਂ ਵਧਾ ਕੇ ਤਿੰਨ ਕਰ ਦਿਤਾ ਗਿਆ ਹੈ, ਜੋ ਸੰਕਟ ਦੀ ਵਧਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਸਰਕਾਰੀ ਵੈੱਬਸਾਈਟਾਂ ’ਤੇ ਦਰਸਾਈਆਂ ਤਸਵੀਰਾਂ ’ਚ ਬਚਾਅ ਟੀਮ ਕਿਸ਼ਤੀ ’ਚ ਸਵਾਰ ਹੋ ਕੇ ਪਿੰਡ ਵਾਸੀਆਂ ਨੂੰ ਸੁਰਖਿਅਤ ਥਾਂ ’ਤੇ ਲੈ ਕੇ ਜਾਂਦੇ ਅਤੇ ਕਾਰਕੁਨ ਜ਼ਮੀਨ ਖਿਸਕਣ ਕਾਰਨ ਰੁਕੀਆਂ ਸੜਕਾਂ ਨੂੰ ਸਾਫ਼ ਕਰਦੇ ਦਿਸ ਰਹੇ ਹਨ। ਹਰ ਸਾਲ ਚੀਨ ਦੇ ਵੱਡੇ ਹਿੱਸੇ ’ਚ ਮੌਸਮੀ ਹੜ੍ਹ ਆਉਂਦੇ ਹਨ, ਖ਼ਾਸ ਕਰ ਕੇ ਦਖਣੀ ਖੇਤਰ ’ਚ। ਇਸ ਸਾਲ ਕੁਝ ਉੱਤਰੀ ਇਲਾਕਿਆਂ ’ਚ ਵੀ 50 ਸਾਲ ਤੋਂ ਸਭ ਤੋਂ ਭਿਆਨਕ ਹੜ੍ਹਾਂ ਦੀਆਂ ਖ਼ਬਰਾਂ ਹਨ।