ਫਰਾਂਸ ਵਲੋਂ ਯੂਕਰੇਨ ਨੂੰ ਹਥਿਆਰ ਦੇਣ ਫੈਸਲਾ, ਫਰਾਂਸ ਸਰਕਾਰ  ਨੂੰ ਨਾਗਰਿਕਾਂ ਦੇ ਵਿਰੋਧ ਦਾ ਕਰਨਾ ਪੈ ਰਿਹਾ ਸਾਹਮਣਾ  

ਫਰਾਂਸ, 27 ਫਰਵਰੀ : ਰੂਸ-ਯੂਕਰੇਨ ਜੰਗ ਦੇ ਵਿਚਕਾਰ ਫਰਾਂਸ- ਯੂਕਰੇਨ ਨੂੰ ਹਥਿਆਰ ਦੇ ਰਿਹਾ ਹੈ। ਇਸ ਫੈਸਲੇ ਲਈ ਫਰਾਂਸ ਨੂੰ ਹੁਣ ਆਪਣੇ ਨਾਗਰਿਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਰਿਸ ‘ਚ ਹਜ਼ਾਰਾਂ ਲੋਕ ਸੜਕਾਂ ‘ਤੇ ਫਰਾਂਸ ਸਰਕਾਰ ਦੇ ਇਸ ਫੈਸਲੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਫਰਾਂਸ ਦੇ ਨਾਗਰਿਕਾਂ ਦਾ ਕਹਿਣਾ ਹੈ ਕਿ ਹਥਿਆਰ ਦੇਣ ਨਾਲ ਜੰਗ ਵਧੇਗੀ। ਜੇਕਰ ਸਰਕਾਰ ਮਦਦ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਰੂਸ ਨੂੰ ਹਮਲਾ ਕਰਨ ਤੋਂ ਰੋਕਣਾ ਚਾਹੀਦਾ ਹੈ। ਲੋਕਾਂ ਨੇ ਯੂਕਰੇਨ ਦੇ ਸਮਰਥਨ ਵਿੱਚ ਮਾਰਚ ਕੀਤਾ ਅਤੇ ਸ਼ਾਂਤੀ ਦੀ ਮੰਗ ਕੀਤੀ। ਇਸੇ ਤਰ੍ਹਾਂ ਦਾ ਮਾਰਚ ਜਰਮਨੀ ਦੇ ਬਰਲਿਨ ਵਿੱਚ ਵੀ ਕੱਢਿਆ ਗਿਆ। ਉੱਥੇ ਹੀ ਲੋਕਾਂ ਨੇ ਰੂਸ ਨਾਲ ਗੱਲਬਾਤ ਰਾਹੀਂ ਸਮਝੌਤੇ ਦੀ ਮੰਗ ਕੀਤੀ। ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਹੱਥਾਂ ਵਿੱਚ ਬੈਨਰ ਸਨ। ਇਸ ‘ਤੇ ਲਿਖਿਆ ਸੀ – for Peace , (ਸ਼ਾਂਤੀ ਲਈ), ਨੋ ਟੂ ਥਰਡ ਵਰਲਡ ਵਾਰ। ਫਰਾਂਸ ਦੇ ਨਾਗਰਿਕਾਂ ਦਾ ਕਹਿਣਾ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਗੱਲਬਾਤ ਰਾਹੀਂ ਹੱਲ ਲੱਭਿਆ ਜਾਵੇ। ਫਰਾਂਸ ਦੇ ਹਥਿਆਰਾਂ ਕਾਰਨ ਤੀਜੇ ਵਿਸ਼ਵ ਯੁੱਧ ਦਾ ਡਰ ਵਧਦਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਕਈ ਬੈਨਰ ਸਨ। ਇਨ੍ਹਾਂ ਵਿੱਚੋਂ ਇੱਕ ਵਿੱਚ ਲਿਖਿਆ ਸੀ ਕਿ ਚਲੋ ਨਾਟੋ ਛੱਡੀਏ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਫਰਾਂਸ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਛੱਡ ਦੇਣਾ ਚਾਹੀਦਾ ਹੈ। ਨਾਟੋ ਯੂਰਪੀ ਅਤੇ ਉੱਤਰੀ ਅਮਰੀਕੀ ਦੇਸ਼ਾਂ ਦਾ ਇੱਕ ਫੌਜੀ ਅਤੇ ਸਿਆਸੀ ਗਠਜੋੜ ਹੈ। ਇਸ ਵਿਚ ਅਮਰੀਕਾ ਦਾ ਜ਼ਿਆਦਾ ਪ੍ਰਭਾਵ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਫਰਾਂਸ ਅਮਰੀਕਾ ਦਾ ਅੰਨ੍ਹਾ ਸਮਰਥਨ ਕਰਦਾ ਹੈ। ਅਮਰੀਕਾ ਤੋਂ ਬਾਅਦ ਫਰਾਂਸ ਅਤੇ ਹੋਰ ਯੂਰਪੀ ਦੇਸ਼ਾਂ ਨੇ ਰੂਸ ‘ਤੇ ਪਾਬੰਦੀਆਂ ਲਗਾਈਆਂ ਹਨ। ਉਨ੍ਹਾਂ ਦਾ ਕੋਈ ਅਸਰ ਨਹੀਂ ਹੋਇਆ।