ਕੈਨੇਡਾ ’ਚ ਹਾਦਸੇ ’ਚ ਇੱਕ ਪੰਜਾਬੀ ਨੌਜਵਾਨ ਸਮੇਤ ਚਾਰ ਦੀ ਮੌਤ

ਬ੍ਰਿਟਿਸ਼ ਕੋਲੰਬੀਆ, 26 ਦਸੰਬਰ : ਬੀਤੀ ਰਾਤ ਕੈਨੇਡਾ ਦੇ ਸੂਬਾ ਬ੍ਰਿਟਿਸ਼ ਕੋਲੰਬੀਆ ਦੇ ਕਿਲੋਨਾ ਰੂਟ ‘ਤੇ ਲੀਨ ਲੋਕ ਐਗਜ਼ਿਟ ਕੋਲ ਬੱਸ ਪਲਟਣ ਕਾਰਣ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ ਇਕ ਨੌਜਵਾਨ ਸਣੇ ਕਰੀਬ ਚਾਰ ਲੋਕਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਕੈਨੇਡਾ ਵਿੱਚ ਹੋਏ ਉਕਤ ਦਰਦਨਾਕ ਹਾਦਸੇ ਦੌਰਾਨ ਅੰਮ੍ਰਿਤਸਰ ਦਿਹਾਤੀ ਦੀ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਦੇ ਵਸਨੀਕ 41 ਸਾਲਾ ਨੌਜਵਾਨ ਕਰਨਜੋਤ ਸਿੰਘ ਸੋਢੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਪਿੰਡ ਬੁਤਾਲਾ ਵਿਚ ਨੌਜਵਾਨ ਕਰਨਜੋਤ ਸਿੰਘ ਸੋਢੀ ਦੀ ਮੌਤ ਹੋ ਜਾਣ ਦੀ ਖ਼ਬਰ ਪਤਾ ਚਲਦਿਆਂ ਪਰਿਵਾਰ ਅਤੇ ਇਲਾਕੇ ਵਿੱਚ ਬੇਹੱਦ ਸੋਗ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਕਰਨਜੋਤ ਸਿੰਘ ਸੋਢੀ ਹਾਲੇ ਕਰੀਬ 4 ਕੁ ਮਹੀਨੇ ਪਹਿਲਾਂ ਹੀ ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ। ਜਿਸ ਦੌਰਾਨ ਬੀਤੀ ਰਾਤ ਅਚਾਨਕ ਉਕਤ ਦਰਦਨਾਕ ਹਾਦਸਾ ਵਾਪਰ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਕਰਨਜੋਤ ਸਿੰਘ ਸੋਢੀ ਆਪਣੇ ਘਰ ਬੁਤਾਲਾ ਵਿਖੇ ਪਤਨੀ ਅਤੇ ਇਕ ਬੇਟਾ ਬੇਟੀ ਸਮੇਤ ਵੱਡਾ ਪਰਿਵਾਰ ਛੱਡ ਗਿਆ ਹੈ ਅਤੇ ਉਨਾਂ ਦੇ ਪਿਤਾ ਦੀ ਵੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਕਰਨਜੋਤ ਸਿੰਘ ਘਰ ਵਿਚ ਇੱਕਲਾ ਕਮਾਉਣ ਵਾਲਾ ਸੀ । ਕੈਨੇਡੀਅਨ ਮੀਡੀਆ ਹਵਾਲੇ ਤੋ ਮਿਲੀਆਂ ਖਬਰਾਂ ਅਨੁਸਾਰ ਉਕਤ ਬੱਸ ਹਾਦਸੇ ਦਾ ਕਾਰਨ ਫਿਲਹਾਲ ਕੈਨੇਡਾ ਵਿਚ ਪੈ ਰਹੀ ਭਾਰੀ ਸਨੋ ਮੌਸਮ ਖਰਾਬੀ ਹੈ ਅਤੇ ਇਸ ਦੌਰਾਨ ਕਥਿਤ ਤੌਰ ਤੇ ਬੱਸ ਬੇਕਾਬੂ ਹੋ ਜਾਣ ਕਾਰਨ ਉਕਤ ਦੁਖਦਾਈ ਹਾਦਸਾ ਵਾਪਰਿਆ ਹੈ। ਹਾਦਸੇ ਦੌਰਾਨ ਕਰੀਬ 3 ਦਰਜਨ ਲੋਕਾਂ ਦੇ ਗੰਭੀਰ ਜਖਮੀ ਹੋਣ ਦੀ ਵੀ ਖ਼ਬਰ ਹੈ।ਜਿਨ੍ਹਾਂ ਦਾ ਇਲਾਜ ਬ੍ਰਿਟਿਸ਼ ਕੋਲੰਬੀਆ ਦੇ ਚਾਰ ਵੱਖ ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ। ਉਕਤ ਹਾਦਸੇ ਦੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਆਰ ਸੀ ਐਮ ਪੀ ਨੇ ਪੁਸ਼ਟੀ ਕੀਤੀ ਹੈ। ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਐਤਵਾਰ ਨੂੰ ਸਥਾਨੀ ਤੌਰ ਤੇ ਇੱਕ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਹਾਈਵੇਅ 97C ਤੇ ਵਾਪਰੇ ਇਸ ਹਾਦਸੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਹਨ ਪਰ ਪੂਰਨ ਤੌਰ ਤੇ ਯਾਤਰੀਆਂ ਦੀ ਗਿਣਤੀ ਨਹੀਂ ਦੱਸੀ ਗਈ ਹੈ।