ਅਫਗਾਨਿਸਤਾਨ 'ਚ ਹੈਂਡ ਗ੍ਰਨੇਡ ਦੇ ਹੋਏ ਧਮਾਕੇ 'ਚ ਇੱਕ ਔਰਤ ਸਮੇਤ ਪੰਜ ਬੱਚਿਆਂ ਦੀ ਮੌਤ 

ਕਾਬੁਲ, 21 ਮਾਰਚ : ਅਫ਼ਗਾਨਿਸਤਾਨ ਦੇ ਘੋਰ ਸੂਬੇ ਵਿਚ ਗ੍ਰਨੇਡ ਧਮਾਕੇ ਨਾਲ ਔਰਤ ਅਤੇ ਉਸ ਦੇ ਪੰਜ ਬੱਚਿਆਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਮਕਾਨ ਵਿਚ ਬੱਚੇ ਹੈਂਡ ਗ੍ਰਨੇਡ ਨਾਲ ਖੇਡ ਰਹੇ ਸਨ ਅਤੇ ਉਸ ਵਿਚ ਧਮਾਕਾ ਹੋ ਗਿਆ। ਸੂਬੇ ਦੇ ਸੂਚਨਾ ਅਤੇ ਸਭਿਆਚਾਰਕ ਡਾਇਰੈਕਟਰ ਅਬਦੁਲਹਈ ਜਈਮ ਨੇ ਦੱਸਿਆ ਕਿ ਘੋਰ ਸੂਬੇ ਦੀ ਰਾਜਧਾਨੀ ਫਿਰੋਜ਼ਕੋਹ ਦੇ ਨੇੜੇ ਘੋਰਕੰਦ ਪਿੰਡ ਵਿਚ ਇਹ ਘਟਨਾ ਹੋਈ ਹੈ। ਦਰਅਸਲ, ਦਹਾਕਿਆਂ ਤਕ ਚੱਲੀ ਜੰਗ ਦੇ ਸਮੇਂ ਦੀਆਂ ਕਈ ਫ਼ੌਜੀ ਸਮੱਗਰੀਆਂ ਉਵੇਂ ਦੀਆਂ ਉਵੇਂ ਹੀ ਰਹਿ ਗਈਆਂ ਹਨ। ਅਜਿਹਾ ਸਾਮਾਨ ਹੀ ਅਫ਼ਗਾਨਿਸਤਾਨ ਵਿਚ ਅਕਸਰ ਬੱਚਿਆਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ। ਇਸ ਤੋਂ ਪਹਿਲਾਂ 17 ਮਾਰਚ ਨੂੰ ਲੋਗਾਰ ਪ੍ਰਾਂਤ ਵਿਚ ਇਕ ਮੋਰਟਾਰ ਸ਼ੈੱਲ ਨਾਲ ਖੇਡਦੇ ਸਮੇਂ ਦੋ ਬੱਚਿਆਂ ਦੀ ਮੌਤ ਹੋ ਗਈ ਸੀ। ਔਰਤਾਂ ਦੀ ਸਿੱਖਿਆ ’ਤੇ ਪਾਬੰਦੀ ਲਾਉਣਾ ਅਫ਼ਗਾਨਿਸਤਾਨ ਅਤੇ ਦੇਸ਼ ਦੇ ਬੱਚਿਆਂ ਲਈ ਗੰਭੀਰ ਮੁੱਦਾ ਹੈ। ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕੈਨੇਡਾ ਦੇ ਇਕ ਸਮਾਚਾਰ ਸੰਗਠਨ ਨੂੰ ਆਪਣੇ ਬਿਆਨ ਵਿਚ ਇਹ ਕਿਹਾ ਹੈ। ਕਰਜ਼ਈ ਨੇ ਲੜਕੀਆਂ ਦੀ ਸਿੱਖਿਆ ਨੂੰ ਅਫ਼ਗਾਨਿਸਤਾਨ ਦੀ ਜਨਤਾ ਲਈ ਮੁੱਖ ਚਿੰਤਾ ਦੱਸਿਆ।