ਕਾਬੁਲ 'ਚ ਇਕ ਸੁਰੰਗ ਵਿਚ ਤੇਲ ਦੇ ਟੈਂਕਰ ਵਿਚ ਧਮਾਕਾ, 19 ਲੋਕਾਂ ਦੀ ਮੌਤ, 32 ਜ਼ਖਮੀ

ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਸੁਰੰਗ ਵਿਚ ਤੇਲ ਦੇ ਟੈਂਕਰ ਵਿਚ ਧਮਾਕਾ ਹੋਣ ਨਾਲ 19 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 32 ਹੋਰ ਜ਼ਖਮੀ ਹੋ ਗਏ। ਇਹ ਸਲਾਂਗ ਸੁਰੰਗ ਕਾਬੁਲ ਤੋਂ ਲਗਭਗ 80 ਮੀਲ ਉੱਤਰ ਵਿਚ ਹੈ। ਇਸ ਦਾ ਨਿਰਮਾਣ 1960 ਵਿਚ ਹੋਇਆ ਸੀ। ਇਸ ਨੂੰ ਸੋਵੀਅਤ ਹਮਲੇ ਦੀ ਸਹਾਇਤਾ ਲਈ ਬਣਾਇਆ ਗਿਆ ਸੀ। ਇਹ ਦੇਸ਼ ਦੇ ਉੱਤਰ ਤੇ ਦੱਖਣ ਵਿਚ ਮਹੱਤਵਪੂਰਨ ਕੜੀ ਹੈ। ਪ੍ਰਵਾਨ ਸੂਬੇ ਦੇ ਬੁਲਾਰੇ ਸੈਦ ਹਿਮਤੁੱਲਾ ਸ਼ਮੀਮ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਸੁਰੰਗ ਵਿਚ ਧਮਾਕਾ ਹੋਇਆ ਸੀ ਜਿਸ ਵਿਚ ਔਰਤਾਂ ਤੇ ਬੱਚਿਆਂ ਸਣੇ 19 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜ਼ਿੰਦਾ ਬਚੇ ਹੋਏ ਲੋਕ ਅਜੇ ਵੀ ਮਲਬੇ ਵਿਚ ਫਸੇ ਹੋਏ ਹਨ ਤੇ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਘਟਨਾ ਰਾਤ ਲਗਭਗ 8.30 ਵਜੇ ਵਾਪਰੀ। ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਅਧਿਕਾਰੀ ਡਾ. ਅਬਦੁੱਲਾ ਅਫਗਾਨ ਮੁਤਾਬਕ ਸਿਹਤ ਵਿਭਾਗ ਨੂੰ ਹੁਣ ਤੱਕ 14 ਲੋਕਾਂ ਦੀ ਮੌਤ ਤੇ 24 ਜ਼ਖਮੀਆਂ ਦੀ ਸੂਚਨਾ ਮਿਲੀ ਹੈ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿਚ 5 ਔਰਤਾਂ ਤੇ 2 ਬੱਚੇ ਹਨ। ਬਾਕੀ ਪੁਰਸ਼ ਗੰਭੀਰ ਤੌਰ ਤੋਂ ਝੁਲਸੇ ਹੋਏ ਹਨ ਤੇ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ ਤੇ ਸੁਰੰਗ ਨੂੰ ਸਾਫ ਕਰਨ ਲਈ ਟੀਮਾਂ ਅਜੇ ਵੀ ਕੰਮ ਕਰ ਰਹੀਆਂ ਹਨ।