ਬਰਫ਼ੀਲੇ ਤੂਫ਼ਾਨ ਕਾਰਨ ਨਿਊਯਾਰਕ ’ਚ ਐਮਰਜੈਂਸੀ ਦਾ ਐਲਾਨ, ਰਾਸ਼ਟਰਪਤੀ ਬਾਇਡਨ ਵੱਲੋਂ ਸਹਾਇਤਾ ਉਪਲਬਧ ਕਰਾਉਣ ਦਾ ਆਦੇਸ਼

ਨਿਊਯਾਰਕ, 27 ਦਸੰਬਰ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਤਿਹਾਸਕ ਬਰਫ਼ੀਲੇ ਤੂਫ਼ਾਨ ਤੋਂ ਬਹੁਤ ਪ੍ਰਭਾਵਿਤ ਨਿਊਯਾਰਕ ’ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਏਜੰਸੀਆਂ ਨੂੰ ਆਫ਼ਤ ਪ੍ਰਭਾਵਿਤ ਸੂਬੇ ਨੂੰ ਸੰਘੀ ਸਹਾਇਤਾ ਉਪਲਬਧ ਕਰਾਉਣ ਦਾ ਆਦੇਸ਼ ਦਿੱਤਾ ਹੈ। ਵ੍ਹਾਈਟ ਹਾਊਸ ਨੇ ਸੋਮਵਾਰ ਦੀ ਦੇਰ ਰਾਤ ਜਾਰੀ ਇਕ ਬਿਆਨ ’ਚ ਕਿਹਾ ਕਿ 23 ਦਸੰਬਰ ਤੋਂ ਨਿਊਯਾਰਕ ਸੂਬੇ ’ਚ ਜਾਰੀ ਭਿਅੰਕਰ ਬਰਫ਼ਬਾਰੀ ਦੇ ਮੱਦੇਨਜ਼ਰ ਰਾਸ਼ਟਰਪਤੀ ਬਾਇਡਨ ਨੇ ਐਮਰਜੈਂਸੀ ਐਲਾਨ ਦਿੱਤੀ ਹੈ। ਬਿਆਨ ਮੁਤਾਬਕ, ਰਾਸ਼ਟਰਪਤੀ ਦੇ ਆਦੇਸ਼ ਮਗਰੋਂ ਹੋਮਲੈਂਡ ਸਕਿਓਰਿਟੀ ਵਿਭਾਗ ਤੇ ਸੰਘੀ ਐਮਰਜੈਂਸੀ ਮੈਨੇਜਮੈਂਟ ਏਜੰਸੀ (ਐੱਫਈਐੱਮਏ) ਨੂੰ ਇਸ ਮੁਸ਼ਕਲ ਸਮੇਂ ’ਚ ਸੂਬੇ ਦੇ ਲੋਕਾਂ ਨੂੰ ਐਮਰਜੈਸੀ ਵਾਲੀਆਂ ਸਾਰੀਆਂ ਸੇਵਾਵਾਂ ਤੇ ਮਦਦ ਮੁਹੱਈਆ ਕਰਾਉਣ ਦਾ ਅਧਿਕਾਰ ਮਿਲ ਗਿਆ ਹੈ। ਗਵਰਨਰ ਕੈਥੀ ਹੋਚੁਲ ਨੇ ਰਾਸ਼ਟਰਪਤੀ ਨੂੰ ਐਮਰਜੈਂਸੀ ਦੇ ਐਲਾਨ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਸੂਬੇ ’ਚ ਸਥਿਤੀਆਂ ਜੰਗੀ ਖੇਤਰ ਵਰਗੀਆਂ ਹੋ ਗਈਆਂ ਹਨ। ਸੜਕਾਂ ਦੇ ਕਿਨਾਰੇ ਸੈਂਕੜੇ ਵਾਹਨ ਖੜ੍ਹੇ ਹਨ। ਲੋਕਾਂ ਨੂੰ ਜਾਨ ਦੀ ਚਿੰਤਾ ਸਤਾਉਣ ਲੱਗੀ ਹੈ। ਨਿਊਯਾਰਕ ਦੇ ਕਈ ਸਟੇਟ ਹਾਈਵੇ ਬੰਦ ਕਰ ਦਿੱਤੇ ਗਏ ਹਨ। ਭਾਰੀ ਬਰਫ਼ਬਾਰੀ ਦਾ ਸਾਹਮਣਾ ਕਰ ਰਹੇ ਲੇਕ ਓਂਟਾਰੀਓ ਤੇ ਲੇਕ ਏਰੀ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ’ਚ ਵੀ ਰਾਹਤ ਦੀ ਉਮੀਦ ਨਹੀਂ ਹੈ। ਸੋਮਵਾਰ ਨੂੰ ਇੱਥੇ ਤਿੰਨ ਇੰਚ ਪ੍ਰਤੀ ਘੰਟੇ ਬਰਫ਼ਬਾਰੀ ਹੋਈ ਹੈ। ਨਿਊਯਾਰਕ ਤੇ ਉੱਤਰੀ ਖੇਤਰ ’ਚ ਬਰਫ਼ੀਲੇ ਤੂਫ਼ਾਨ ਦੀ ਰਫ਼ਤਾਰ 95 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਜ਼ਿਆਦਾ ਹੈ। ਏਪੀ ਦੇ ਮੁਤਾਬਕ, ਉੱਤਰੀ ਨਿਊਯਾਰਕ ’ਚ ਸੋਮਵਾਰ ਨੂੰ ਬਰਫ਼ੀਲੇ ਤੂਫ਼ਾਨ ’ਚ ਤੇਜ਼ੀ ਆਈ ਹੈ। ਯੂਨੀਵਰਸਿਟੀ ਆਫ ਕੋਲੋਰਾਡੋ ’ਚ ਨੈਸ਼ਨਲ ਸਨੋ ਤੇ ਆਈਸ ਡਾਟਾ ਸੈਂਟਰ ਦੇ ਡਾਇਰੈਕਟਰ ਮਾਰਕ ਸ਼ੇਰੇਜ ਮੁਤਾਬਕ ਇਸ ਤਰ੍ਹਾਂ ਇਸ ਲਈ ਹੋ ਰਿਹਾ ਹੈ ਕਿਉਂਕਿ ਵਾਤਾਵਰਨ ’ਚ ਭਾਫ਼ ਦੀ ਮੌਜੂਦਗੀ ਜ਼ਿਆਦਾ ਹੋ ਗਈ ਹੈ। ਬਰਫ਼ੀਲੇ ਤੂਫ਼ਾਨ ਨੂੰ ਬੰਬ ਸਾਈਕਲੋਨ ਵੀ ਕਿਹਾ ਜਾਂਦਾ ਹੈ। ਅਜਿਹਾ ਤਦੋਂ ਹੁੰਦਾ ਹੈ ਜਦੋਂ ਵਾਯੂਮੰਡਲ ਦਬਾਅ ਘੱਟ ਹੋ ਜਾਂਦਾ ਹੈ। ਬਰਫ਼ੀਲੇ ਤੂਫ਼ਾਨ ਦੇ ਕਾਰਨ ਦੋ ਦਿਨ ਪਹਿਲਾਂ ਮੋਂਟਾਨਾ ਤੇ ਨਿਊਯਾਰਕ ਦੇ ਕੁਝ ਹਿੱਸਿਆਂ ’ਚ ਪਾਰਾ ਮਨਫ਼ੀ 45 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਸੀ।

ਬਫੈਲੋ ਹਵਾਈ ਅੱਡੇ ’ਤੇ 50 ਇੰਚ ਬਰਫ਼
ਰਾਇਟਰ ਦੇ ਮੁਤਾਬਕ ਕੈਨੇਡਾ ਸਰਹੱਦ ’ਤੇ ਏਰੀ ਲੇਕ ਦੇਕਿਨਾਰੇ ਸਥਿਤ ਬਫੈਲੋ ਸਭ ਤੋਂ ਜ਼ਿਆਦਾ ਪ੍ਰਬਾਵਿਤ ਇਲਾਕਿਆਂ ’ਚ ਸ਼ਾਮਲ ਹੈ। ਰਾਸ਼ਟਰੀ ਮੌਸਮ ਸੇਵਾ ਮੁਤਾਬਕ, ਸੋਮਵਾਰ ਨੂੰ ਸਵੇਰੇ ਬਫੈਲੋ ਹਵਾਈ ਅੱਡੇ ’ਤੇ 50 ਇੰਚ (127 ਸੈਂਟੀਮੀਟਰ) ਬਰਫ਼ ਜੰਮੀ ਸੀ। ਡਬਲਯੂਆਈਵੀਬੀ ਡਾਟ ਕਾਮ ਮੁਤਾਬਕ, ਹਵਾਈ ਅੱਡੇ ਤੋਂ ਬਰਫ਼ ਹਟਾਉਣ ਦਾ ਕੰਮ ਬੁੱਧਵਾਰ ਸਵੇਰ ਤਕ ਜਾਰੀ ਰਹਿ ਸਕਦਾ ਹੈ। ਐਂਬੂਲੈਂਸ ਦੀ ਆਵਾਜਾਈ ਸੰਭਵ ਨਹੀਂ ਹੋਣ ਕਾਰਨ ਲੋਕਾਂ ਨੂੰ ਹਸਪਤਾਲ ਤਕ ਪਹੁੰਚਾਉਣ ਲਈ ਵਿਸ਼ੇਸ਼ ਉਪਾਅ ਕੀਤੇ ਜਾ ਰਹੇ ਹਨ। ਕਈ ਦਿਨਾਂ ਦੀ ਬੰਦੀ ਤੋਂ ਬਾਅਦ ਸੋਮਵਾਰ ਨੂੰ ਕੁਝ ਕਰਿਆਨਾ ਦੁਕਾਨਾਂ ਖੁੱਲ੍ਹੀਆਂ ਤਾਂ ਉੱਥੇ ਇਕ ਤੋਂ ਡੇਢ ਕਿਲੋਮੀਟਰ ਲੰਬੀਆਂ ਕਤਾਰਾਂ ਲੱਗ ਗਈਆਂ।