ਬਲੋਚਿਸਤਾਨ ’ਚ ਹੋਏ ਧਮਾਕੇ ’ਚ ਪੰਜ ਸਕੂਲੀ ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ 

ਇਸਲਾਮਾਬਾਦ, 2 ਨਵੰਬਰ 2024 : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਇਕ ਪੁਲਿਸ ਵੈਨ ਨੂੰ ਨਿਸ਼ਾਨਾ ਬਣਾ ਕੇ ਰਿਮੋਟ ਕੰਟਰੋਲ ਨਾਲ ਕੀਤੇ ਗਏ ਧਮਾਕੇ ’ਚ ਪੰਜ ਸਕੂਲੀ ਬੱਚਿਆਂ ਅਤੇ ਇਕ ਪੁਲਿਸ ਮੁਲਾਜ਼ਮ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਮਸਤਾਂਗ ਜ਼ਿਲ੍ਹੇ ਦੇ ਸਿਵਲ ਹਸਪਤਾਲ ਚੌਕ ’ਤੇ ਗਰਲਜ਼ ਹਾਈ ਸਕੂਲ ਨੇੜੇ ਸਵੇਰੇ 8.35 ਵਜੇ ਧਮਾਕਾ ਹੋਇਆ। ਅੱਤਵਾਦੀਆਂ ਨੇ ਪਾਰਕ ਕੀਤੀ ਗਈ ਮੋਟਰਬਾਈਕ ’ਚ ਵਿਸਫੋਟਕ ਲੁਕਾ ਕੇ ਰੱਖਿਆ ਸੀ। ਕਾਲਾਤ ਡਵੀਜ਼ਨ ਕਮੀਸ਼ਨਰ ਨਈਮ ਬਾਜਾਈ ਨੇ ਕਿਹਾ ਕਿ ਧਮਾਕੇ ’ਚ ਆਈਈਡੀ ਦੀ ਵਰਤੋਂ ਕੀਤੀ ਗਈ ਸੀ। ਪੁਲਿਸ ਵਾਹਨ ਦੇ ਨੇੜੇ ਪਹੁੰਚਦੇ ਹੀ ਧਮਾਕਾ ਹੋਇਆ ਅਤੇ ਸਕੂਲ ਵੈਨ ਵੀ ਉਸ ਦੀ ਲਪੇਟ ’ਚ ਆ ਗਈ। ਪੁਲਿਸ ਵੈਨ ਦੇ ਨਾਲ ਹੀ ਕਈ ਆਟੋਰਿਕਸ਼ਾ ਵੀ ਨੁਕਸਾਨੇ ਗਏ। ਧਮਾਕਾ ਏਨਾ ਜ਼ੋਰਦਾਰ ਸੀ ਕਿ ਸਕੂਲ ਜਾ ਰਹੇ ਬੱਚੇ ਵੀ ਉਸ ਨਾਲ ਪ੍ਰਭਾਵਿਤ ਹੋਏ ਵੱਖ-ਵੱਖ ਹਸਪਤਾਲਾਂ ’ਚ ਭਰਤੀ 27 ਲੋਕਾਂ ’ਚ ਅੱਠ ਤੋਂ 13 ਸਾਲ ਦੇ ਸਕੂਲੀ ਬੱਚਿਆਂ ਦੇ ਨਾਲ ਹੀ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਗੰਭੀਰ ਰੂਪ ’ਚ ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਕਵੇਟਾ ਲਿਜਾਇਆ ਗਿਆ। ਡੀਪੀਓ ਉਮਰਾਨੀ ਮੁਤਾਬਕ 11 ਲੋਕਾਂ ਨੂੰ ਕਵੇਟਾ ਟਰਾਮਾ ਸੈਂਟਰ ਲਿਜਾਇਆ ਗਿਆ। ਹੁਣ ਤਕ ਕਿਸੇ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ।